ਨਵੀਂ ਦਿੱਲੀ: ਪੰਜਾਬ 'ਚ ਸਿਆਸੀ ਭੂਚਾਲ ਅਜੇ ਥੰਮਣ ਦਾ ਨਾਂ ਨਹੀਂ ਲੈ ਰਿਹਾ। ਹਾਲ ਹੀ 'ਚ ਪੰਜਾਬ ਕਾਂਗਰਸ 'ਚ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਲਈ ਪ੍ਰਨੀਤ ਕੌਰ ਦਾ ਨਾਂ ਸਾਹਮਣੇ ਆ ਰਿਹਾ ਹੈ। ਪ੍ਰਨੀਤ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ। ਪ੍ਰਨੀਤ ਕੌਰ ਪੰਜਾਬ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਵੀ ਹੈ। ਸੂਤਰਾਂ ਮੁਤਾਬਕ ਸਿੱਧੂ ਦੇ ਅਸਤੀਫੇ ਤੋਂ ਬਾਅਦ ਹਾਈਕਮਾਨ ਉਨ੍ਹਾਂ ਨੂੰ ਮਨਾਉਣ ਦੇ ਮੂਡ 'ਚ ਨਹੀਂ।


ਸਿੱਧੂ ਦੇ ਅਸਤੀਫੇ ਤੋਂ ਕਾਂਗਰਸ ਨਾਰਾਜ਼: ਸੂਤਰ


ਏਬੀਪੀ ਨਿਊਜ਼ ਵੱਲੋਂ ਕਾਂਗਰਸ ਦੇ ਉੱਚ ਸੂਤਰਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਪਾਰਟੀ ਲੀਡਰਸ਼ਿਪ ਨਵਜੋਤ ਸਿੱਧੂ ਦੇ ਅਸਤੀਫੇ ਦੀ ਕਾਰਵਾਈ ਤੋਂ ਬੇਹੱਦ ਨਾਰਾਜ਼ ਹੈ। ਜੇਕਰ ਸਿੱਧੂ ਅਸਤੀਫਾ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸਿੱਧੂ ਦੀ ਥਾਂ ਕੌਣ ਸੂਬਾ ਪ੍ਰਧਾਨ ਬਣੇਗਾ, ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ।


ਪਾਰਟੀ ਲੀਡਰਸ਼ਿਪ ਦੇ ਸਾਹਮਣੇ 3-4 ਨਾਂ


ਸੂਤਰਾਂ ਮੁਤਾਬਕ ਪਾਰਟੀ ਲੀਡਰਸ਼ਿਪ ਦੇ ਸਾਹਮਣੇ 3-4 ਨਾਵਾਂ ਦੇ ਵਿਕਲਪ ਹਨ। ਰਾਹੁਲ ਗਾਂਧੀ ਤੇ ਪ੍ਰਿਅੰਕਾ ਦੋਵੇਂ ਸਿੱਧੂ ਦੇ ਵਤੀਰੇ ਤੋਂ ਨਾਰਾਜ਼ ਹਨ। ਪ੍ਰਿਯੰਕਾ ਗਾਂਧੀ ਦੇ ਸਲਾਹਕਾਰ ਵਿਭਾਕਰ ਸ਼ਾਸਤਰੀ ਨੇ ਵੀ ਸਿੱਧੂ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਹੈ। ਫਿਲਹਾਲ ਸਿੱਧੂ ਤੇ ਹਾਈਕਮਾਨ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।


ਦੂਜੇ ਪਾਸੇ, ਕਾਂਗਰਸ ਦੇ ਅਹਿਮ ਚਿਹਰੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਅਟਕਲਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਨੇ ਕਰੀਬ 45 ਮਿੰਟ ਤੱਕ ਮੁਲਾਕਾਤ ਕੀਤੀ। ਅਮਿਤ ਸ਼ਾਹ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਜੇਪੀ ਨੱਡਾ ਨੂੰ ਮਿਲ ਸਕਦੇ ਹਨ। ਅਜਿਹੀਆਂ ਅਟਕਲਾਂ ਹਨ ਕਿ ਭਾਜਪਾ ਰਾਜ ਸਭਾ ਰਾਹੀਂ ਕੈਪਟਨ ਨੂੰ ਕੇਂਦਰ ਵਿੱਚ ਮੰਤਰੀ ਬਣਾ ਸਕਦੀ ਹੈ।


ਤਾਜ਼ਾ ਹਾਲਾਤ ਨੂੰ ਵੇਖਦਿਆਂ ਕਾਂਗਰਸ ਵੀ ਕੈਪਟਨ ਨੂੰ ਮਨਾਉਣ ਵਿੱਚ ਜੁਟ ਗਈ ਹੈ। ਇਸ ਲਈ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਉਂਝ ਇਸ ਵੇਲੇ ਦੇ ਹਾਲਾਤ ਬੜੇ ਪੇਚੀਦਾ ਹਨ। ਕਾਂਗਰਸ ਦੇ ਸੀਨੀਅਰ ਲੀਡਰ ਵੀ ਇਸ ਬਾਰੇ ਕੋਈ ਸਪਸ਼ਟ ਬਿਆਨ ਦੇਣ ਲਈ ਤਿਆਰ ਨਹੀਂ।


ਇਹ ਵੀ ਪੜ੍ਹੋ: Coronavirus India Updates: ਭਾਰਤ 'ਚ ਪਿਛਲੇ 24 ਘੰਟਿਆਂ 'ਚ 23529 ਨਵੇਂ ਕੋਵਿਡ ਕੇਸ ਦਰਜ, 311 ਦੀ ਹੋਈ ਮੌਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904