Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਾਹਮਣੇ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਦੀ ਹਾਲਤ ਕਸੂਤੀ ਬਣਦੀ ਜਾ ਰਹੀ ਹੈ। ਬੀਬੀ ਜਗੀਰ ਕੌਰ ਵੱਲੋਂ ਬਗਾਵਤ ਕਰਨ ਮਗਰੋਂ ਬਾਦਲ ਪਰਿਵਾਰ ਵਿਰੋਧੀ ਲੀਡਰ ਇੱਕਜੁੱਟ ਹੋਣ ਲੱਗੇ ਹਨ। ਸੂਤਰਾਂ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਇਸ ਵਾਰ ਅਕਾਲੀ ਦਲ ਦੇ ਖੇਮੇ ਵਿੱਚ ਸੰਨ੍ਹ ਲੱਗ ਸਕਦੀ ਹੈ।
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਦਰ ਭਖ਼ੇ ਮਾਹੌਲ ਦਰਮਿਆਨ ਅਕਾਲੀ ਦਲ ਵਿਰੋਧੀ ਸਾਰੇ ਧੜਿਆਂ ਵੱਲੋਂ ਬੀਬੀ ਜਗੀਰ ਕੌਰ ਦੀ ਖੁੱਲ੍ਹ ਕੇ ਮਦਦ ਕੀਤੀ ਜਾ ਰਹੀ ਹੈ। ਸੁਖਦੇਵ ਸਿੰਘ ਢੀਂਡਸਾ, ਰਵੀਇੰਦਰ ਸਿੰਘ ਤੇ ਹੋਰਨਾਂ ਵੱਲੋਂ ਬਾਦਲ ਪਰਿਵਾਰ ਨੂੰ ਠਿੱਬੀ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਸੂਤਰਾਂ ਮੁਤਾਬਕ ਬਾਦਲਾਂ ਦੇ ਵਿਰੋਧੀ ਸਾਰੇ ਅਕਾਲੀ ਧੜਿਆਂ, ਇੱਥੋਂ ਤੱਕ ਕਿ ਹੋਰ ਸਿਆਸੀ ਪਾਰਟੀਆਂ ਵੀ ਆਪਣਾ ਰਸੂਖ਼ ਵਰਤਣ ਲੱਗੀਆਂ ਹਨ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2002 ਤੋਂ ਬਾਅਦ ਪਹਿਲੀ ਵਾਰੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਚੁਣੌਤੀ ਮਿਲੀ ਹੈ। ਉਂਝ ਉਸ ਵੇਲੇ ਨਾਲੋਂ ਅਕਾਲੀ ਦਲ ਦੇ ਹੁਣ ਹਾਲਾਤ ਬੇਸ਼ੱਕ ਨਾਜ਼ੁਕ ਹਨ।
ਸਾਲ 2002 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਦਖ਼ਲ ਦੇ ਦੋਸ਼ ਲਾਉਂਦਿਆਂ ਕਮੇਟੀ ਦੇ ਬਹੁਗਿਣਤੀ ਮੈਂਬਰਾਂ ਨੂੰ ਬਾਲਾਸਰ ਫਾਰਮ ’ਤੇ ਰੱਖਿਆ ਸੀ। ਉਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਲਜ਼ਾਰ ਨੂੰ ਵੀ ਦਖ਼ਲ ਦੇਣਾ ਪਿਆ ਸੀ। ਇਸ ਵਾਰੀ ਮਾਮਲਾ ਕੁਝ ਵੱਖਰਾ ਹੈ ਕਿਉਂਕਿ ਬਾਦਲ ਪਰਿਵਾਰ ਨੂੰ ਪੁਰਾਣੇ ਵਫ਼ਾਦਾਰ ਨੇ ਹੀ ਚੁਣੌਤੀ ਦਿੱਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ