Punjab Congress: ਕਾਂਗਰਸ ਹਾਈਕਮਾਨ ਵੱਲੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਥ ਹੀ ਪਾਰਟੀ ਦੀ ਕਮਾਨ ਰੱਖਣ ਦੇ ਫੈਸਲੇ ਮਗਰੋਂ ਸਿਆਸੀ ਗਲਿਆਰਿਆਂ ਅੰਦਰ ਹਿੱਲਜੁੱਲ ਸ਼ੁਰੂ ਹੋ ਗਈ ਹੈ। ਰਾਜਾ ਵੜਿੰਗ ਖਿਲਾਫ ਝੰਡਾ ਚੁੱਕਣ ਵਾਲੇ ਲੀਡਰਾਂ ਨੂੰ ਹਾਈਕਮਾਨ ਦਾ ਫੈਸਲਾ ਹਜ਼ਮ ਨਹੀਂ ਹੋਇਆ। ਬੇਸ਼ੱਕ ਕਾਂਗਰਸ ਹਾਈਕਮਾਨ ਨੇ ਦੂਜੇ ਸੀਨੀਅਰ ਲੀਡਰਾਂ ਨੂੰ ਵੀ ਅਹਿਮ ਜ਼ਿੰਮੇਵਾਰੀ ਸੌਂਪ ਕੇ ਤਵਾਜ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਾਰਾਜ਼ਗੀ ਸਪਸ਼ਟ ਨਜ਼ਰ ਆ ਰਹੀ ਹੈ। 

Continues below advertisement

ਦਰਅਸਲ ਰਾਜਾ ਵੜਿੰਗ ਨੂੰ ਪੰਜਾਬ ਇਕਾਈ ਦੇ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨਾਰਾਜ਼ ਦੱਸੇ ਜਾ ਰਹੇ ਹਨ। ਇਸੇ ਲਈ ਕਿਸੇ ਵੀ ਆਗੂ ਨੇ ਹਾਈਕਮਾਨ ਦਾ ਉਨ੍ਹਾਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ ਲਈ ਧੰਨਵਾਦ ਵੀ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਨਿਯੁਕਤੀਆਂ ਨੂੰ ਸਵੀਕਾਰ ਕੀਤਾ ਹੈ।

Continues below advertisement

ਦੱਸ ਦਈਏ ਕਿ ਚਰਨਜੀਤ ਚੰਨੀ ਖੁਦ ਪ੍ਰਧਾਨਗੀ ਦੀ ਇੱਛਾ ਰੱਖਦੇ ਸਨ। ਸੂਤਰਾਂ ਅਨੁਸਾਰ ਸ਼ੁਰੂ ਵਿੱਚ ਉਨ੍ਹਾਂ ਦੇ ਹੱਕ ਵਿੱਚ ਸਹਿਮਤੀ ਬਣ ਗਈ ਸੀ ਪਰ ਆਖਰੀ ਸਮੇਂ 'ਤੇ ਕਾਂਗਰਸ ਨੇ ਜੱਟ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਦੇ ਡਰੋਂ ਰਾਜਾ ਵੜਿੰਗ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਇਸ ਦੌਰਾਨ ਰੰਧਾਵਾ ਇਸ ਗੱਲ ਤੋਂ ਨਾਰਾਜ਼ ਹਨ ਕਿ ਜੇਕਰ ਪਾਰਟੀ ਕਿਸੇ ਜੱਟ ਸਿੱਖ ਨੂੰ ਪ੍ਰਧਾਨ ਬਣਾਉਣ ਲਈ ਦ੍ਰਿੜ ਸੀ ਤਾਂ ਉਨ੍ਹਾਂ ਨੂੰ ਜ਼ਿੰਮੇਵਾਰੀ ਮਿਲਣੀ ਚਾਹੀਦੀ ਸੀ। 

ਯਾਦ ਰਹੇ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਹਾਈਕਮਾਨ ਦੀ ਹਾਮੀ ਦੇ ਬਾਵਜੂਦ ਰੰਧਾਵਾ ਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਮਿਲ ਸਕਿਆ ਸੀ। ਉਸ ਸਮੇਂ ਇਹ ਅਹੁਦਾ ਚਰਨਜੀਤ ਚੰਨੀ ਨੂੰ ਦਿੱਤਾ ਗਿਆ ਸੀ। ਤਾਜ਼ਾ ਫੇਰਬਦਲ ਵਿੱਚ ਕਾਂਗਰਸ ਨੇ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਟਿਕਟ ਵੰਡ ਲਈ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਕੇ ਸੁਖਜਿੰਦਰ ਰੰਧਾਵਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਮੌਜੂਦਾ ਸਮੇਂ ਵਿੱਚ ਪੈਦਾ ਹੋ ਰਹੀ ਸਥਿਤੀ 2027 ਦੀਆਂ ਚੋਣਾਂ ਤੋਂ ਪਹਿਲਾਂ 2022 ਵਿੱਚ ਦੇਖੇ ਗਏ ਹਾਲਾਤ ਨੂੰ ਦਰਸਾਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਨਵਜੋਤ ਸਿੱਧੂ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਸਨ ਪਰ ਪਾਰਟੀ ਹਾਈਕਮਾਨ ਸਹਿਮਤ ਨਹੀਂ ਹੋਈ। ਜਦੋਂ ਹਾਈਕਮਾਨ ਨੇ ਬਾਅਦ ਵਿੱਚ ਸੁਖਜਿੰਦਰ ਰੰਧਾਵਾ ਦੇ ਨਾਮ ਨੂੰ ਅੰਤਿਮ ਰੂਪ ਦਿੱਤਾ ਤਾਂ ਸਿੱਧੂ ਨਾਰਾਜ਼ ਹੋ ਗਏ।

ਉਨ੍ਹਾਂ ਨੇ ਸਟੈਂਡ ਲਿਆ ਸੀ ਕਿ ਜੇਕਰ ਕੋਈ ਜੱਟ ਸਿੱਖ ਮੁੱਖ ਮੰਤਰੀ ਬਣਨਾ ਹੈ ਤਾਂ ਉਹ ਹੀ ਬਣਨਗੇ ਨਹੀਂ ਤਾਂ ਕਿਸੇ ਹੋਰ ਭਾਈਚਾਰੇ ਦੇ ਵਿਅਕਤੀ ਨੂੰ ਸੀਐਮ ਬਣਾਉਣਾ ਚਾਹੀਦਾ ਹੈ। ਸਿੱਟੇ ਵਜੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਨਾਰਾਜ਼ ਹੋ ਕੇ ਨਵਜੋਤ ਸਿੱਧੂ ਸਰਗਰਮ ਭੂਮਿਕਾ ਤੋਂ ਪਿੱਛੇ ਹਟ ਗਏ, ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਦੇ ਬਾਵਜੂਦ ਉਨ੍ਹਾਂ ਨੇ ਕਿਤੇ ਵੀ ਪ੍ਰਚਾਰ ਨਹੀਂ ਕੀਤਾ।

ਇਸ ਵੇਲੇ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਕਾਂਗਰਸ ਅੰਦਰ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਚੋਣਾਂ ਦੌਰਾਨ ਪਾਰਟੀ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਣ ਵਾਲਾ ਵਿਅਕਤੀ ਹੀ ਮੁੱਖ ਮੰਤਰੀ ਬਣਦਾ ਹੈ। ਇਸ ਕਰਕੇ ਚੰਨੀ ਤੇ ਰੰਧਾਵਾ ਕਥਿਤ ਤੌਰ 'ਤੇ ਨਾਰਾਜ਼ ਹਨ। ਇਹ ਸਪੱਸ਼ਟ ਹੈ ਕਿ ਚੋਣਾਂ ਦੌਰਾਨ ਇਨ੍ਹਾਂ ਦੋਵਾਂ ਆਗੂਆਂ ਦੀ ਭੂਮਿਕਾ 2022 ਵਿੱਚ ਨਵਜੋਤ ਸਿੱਧੂ ਵਾਂਗ ਸੀਮਤ ਰਹਿ ਸਕਦੀ ਹੈ।