Illegal Mining in Anandpur Sahib: ਪੰਜਾਬ 'ਚ ਰੇਤ ਮਾਫ਼ੀਆ ਦੀਆਂ ਪਰਤਾਂ ਖੋਲ੍ਹਦੀ ABP News  ਦੀ ਰਿਪੋਰਟ 'ਚ ਵੱਡੇ ਖੁਲਾਸੇ ਹੋਏ ਹਨ। ਇਸ ਰਿਪੋਰਟ ਵਿੱਚ ਛਨਣਾ ਮਾਫ਼ੀਆ 'ਤੇ ਲਗਾਇਆ ਗਿਆ ਹੈ ਪਰ ਰੇਤਾ ਪ੍ਰਸ਼ਾਸਨ ਦਾ ਨਿਕਲਣ ਵਾਲਾ ਹੈ। ਇਹ ਖੁਲਾਸਾ ਦੇਖ ਕੇ ਸਿਰਫ਼ ਪੰਜਾਬ ਸਰਕਾਰ ਦੀ ਹੀ ਨਹੀਂ ਸਗੋਂ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਦੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ। 


ਦਰਅਸਲ ਆਨੰਦਪੁਰ ਸਾਹਿਬ 'ਚ ਰੇਤ ਮਾਫ਼ੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜ਼ਬਤ ਕੀਤੀ ਹੋਈ ਜ਼ਮੀਨ 'ਤੇ ਹੀ ਗ਼ੈਰ ਕਾਨੂੰਨੀ ਮਾਈਨਿੰਗ ਕਰ ਦਿੱਤੀ ਹੈ। 25-25 ਫੁੱਟ ਤੱਕ ਖੇਤਾਂ 'ਚੋਂ ਟੋਏ ਪੱਟ ਦਿੱਤੇ ਹਨ। ਮਾਈਨਿੰਗ ਵੀ ਅਜਿਹੀ ਕੀਤੀ ਕਿ ਜ਼ਮੀਨ ਹੇਠਲਾ ਪਾਣੀ ਵੀ ਬਾਹਰ ਆ ਗਿਆ। ਇਸ ਬਾਰੇ ਨਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੁੱਝ ਪਤਾ ਲੱਗਿਆ ਤੇ ਨਾ ਹੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਦੀ ਜਾਣਕਾਰੀ ਮਿਲੀ ਹੈ। 



ਜਿਸ ਥਾਂ 'ਤੇ ਗ਼ੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਜ਼ਮੀਨ ਆਨੰਦਪੁਰ ਸਾਹਿਬ ਹਲਕੇ ਦੀ 142 ਕਨਾਲ ਹੈ ਯਾਨੀ 18 ਏਕੜ ਹੈ। ਇਹ ਜ਼ਮੀਨ 6000 ਕਰੋੜ ਦੇ ਅੰਤਰਰਾਸ਼ਟਰੀ ਡਰੱਗ ਦੇ ਸਰਗਨਾ ਜਗਦੀਸ਼ ਭੋਲਾ ਦੀ ਹੈ। ਜਿਸ ਨੂੰ ਈਡੀ ਨੇ ਜ਼ਬਤ ਕੀਤਾ ਸੀ।  7 ਸਾਲ ਪਹਿਲਾਂ ਈਡੀ ਨੇ ਇਸ ਜ਼ਮੀਨ 'ਤੇ ਕਾਰਵਾਈ ਕੀਤੀ ਸੀ ਅਤੇ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਮੌਕੇ 'ਤੇ ਜ਼ਮੀਨ ਦੀ ਹਾਲਤ ਦੇਖ ਕੇ ਇਵੇਂ ਲੱਗਦਾ ਹੈ ਕਿ ਰੇਤ ਮਾਫ਼ੀਆ ਕਾਫ਼ੀ ਲੰਬੇ ਸਮੇਂ ਤੋਂ ਇਸ ਜ਼ਮੀਨ 'ਚ ਮਾਈਨਿੰਗ ਕਰ ਰਿਹਾ ਹੈ। 



ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਹੈ। ਪਹਿਲਾਂ ਹਰਜੋਤ ਬੈਂਸ ਹੀ ਮਾਈਨਿੰਗ ਮੰਤਰੀ ਸਨ ਪਰ ਬਾਅਦ ਵਿੱਚ ਉਹਨਾਂ ਦੀ ਥਾਂ 'ਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਤਰਾਲਾ ਦੇ ਦਿੱਤਾ ਗਿਆ ਸੀ। ਹਲਾਂਕਿ ਸਰਕਾਰ ਦਾਅਵੇ ਕਰਦੀ ਹੈ ਕਿ ਪੰਜਾਬ 'ਚੋਂ ਗ਼ੈਰ ਕਾਨੂੰਨੀ ਮਾਈਨਿੰਗ ਖ਼ਤਮ ਕਰ ਦਿੱਤੀ ਗਈ ਹੈ। ਪਰ ਆਨੰਦਪੁਰ ਸਾਹਿਬ ਦੀ ਇਹ 18 ਏਕੜ ਜ਼ਮੀਨ ਗਵਾਹ ਹੈ ਕਿ ਇਹ ਧੰਦਾ ਜ਼ੋਰਾ 'ਤੇ ਹੈ। 



ਇਸ ਗ਼ੈਰ ਕਾਨੂੰਨੀ ਮਾਈਨਿੰਗ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਧਿਆਨ 'ਚ ਕੋਈ ਗੜਬੜੀ ਆਉਂਦੀ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਫਿਰ ਚਾਹੇ ਸਰਕਾਰ ਦਾ ਬੰਦਾ ਕਿਉਂ ਨਾ ਹੋਵੇ ਉਸ 'ਤੇ ਵੀ ਐਕਸ਼ਨ ਲਵਾਂਗੇ। 25-25 ਫੁੱਟ ਕੀਤੀ ਮਾਈਨਿੰਗ ਬਾਰੇ ਪੁੱਛਣ 'ਤੇ ਮੀਤ ਹੇਅਰ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਹੋ ਸਕਦਾ ਹੈ ਕਿ ਇਹ 4 ਜਾਂ 5 ਸਾਲਾਂ ਪਹਿਲਾਂ ਤੋਂ ਹੁੰਦਾ ਆ ਰਿਹਾ ਹੋ।