Barnala News: ਪੰਜਾਬ ਵਿੱਚ ਗੋਲੀਬਾਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ, ਹੁਣ ਅਪਰਾਧ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਇਸ ਵਿਚਾਲੇ ਬਰਨਾਲਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬਰਨਾਲਾ 'ਚ ਯੂਨੀਵਰਸਿਟੀ ਕਾਲਜ ਨੇੜੇ ਸੰਧੂ ਪੱਤੀ ਇਲਾਕੇ 'ਚ ਖ਼ੌਫ਼ਨਾਕ ਵਾਰਦਾਤ ਵਾਪਰੀ ਹੈ। ਇੱਥੇ ਕੁਝ ਹਮਲਾਵਰ ਇਕ ਵਿਧਵਾ ਮਹਿਲਾ ਪੁਲਿਸ ਮੁਲਾਜ਼ਮ ਦੇ ਘਰ 'ਚ ਵੜੇ ਅਤੇ ਉਸ ਦੇ ਸੁੱਤੇ ਪਏ ਪੁੱਤਰ 'ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਜ਼ਖ਼ਮੀ ਮੁੰਡੇ ਦਾ ਚਾਚਾ ਉਸ ਨੂੰ ਹਸਪਤਾਲ ਲਿਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਚਲਾ ਦਿੱਤੀਆਂ। ਇਸ ਦੌਰਾਨ ਦੋ ਹੋਰ ਲੋਕ ਵੀ ਗੋਲ਼ੀਆਂ ਲੱਗਣ ਨਾਲ ਜ਼ਖ਼ਮੀ ਹੋਏ ਹਨ।

Continues below advertisement

ਵਾਰਦਾਤ ਨੂੰ ਇੰਝ ਦਿੱਤਾ ਅੰਜ਼ਾਮ

ਸਰਕਾਰੀ ਹਸਪਤਾਲ ਵਿਚ ਰੋਂਦਿਆਂ ਹੋਇਆਂ ਪੀੜਤ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਹੋਮਗਾਰਡ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਵਿਚ ਸੋ ਰਹੇ ਸੀ ਤਾਂ ਤਿੰਨ ਨੌਜਵਾਨ ਉਸ ਦੇ ਘਰ ਦਾ ਬਾਹਰੀ ਗੇਟ ਤੋੜ ਕੇ ਅੰਦਰ ਵੜੇ ਤੇ ਕਮਰੇ ਵਿਚ ਸੁੱਤੇ ਹੋਏ ਉਸ ਦੇ ਪੁੱਤਰ 'ਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਇਸ ਦੌਰਾਨ ਉਸ ਦਾ 22 ਸਾਲਾ ਪੁੱਤਰ ਆਕਾਸ਼ਦੀਪ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਦੋਂ ਆਕਾਸ਼ਦੀਪ ਦਾ ਚਾਚਾ ਉਸ ਨੂੰ ਹਸਪਤਾਲ ਲਿਜਾਉਣ ਲੱਗਿਆ ਤਾਂ ਬਦਮਾਸ਼ਾਂ ਨੇ ਰਾਹ ਵਿਚ ਉਨ੍ਹਾਂ ਦੋਹਾਂ ਨੂੰ ਘੇਰ ਲਿਆ ਤੇ ਫ਼ਿਰ ਫ਼ਾਇਰਿੰਗ ਕਰ ਦਿੱਤੀ। ਉਸ ਦੌਰਾਨ ਆਕਾਸ਼ਦੀਪ ਦੇ ਚਾਚਾ ਮੱਖਣ ਸਿੰਘ ਦੇ ਹੱਥ ਵਿਚ 2 ਗੋਲ਼ੀਆਂ ਲੱਗੀਆਂ ਤੇ ਉਹ ਵੀ ਜ਼ਖ਼ਮੀ ਹੋ ਗਿਆ। 

Continues below advertisement

ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਨਹੀਂ ਨਿਕਲਿਆ ਹੱਲ

ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਕੀਤੀ ਸੀ, ਪਰ ਕੋਈ ਹੱਲ ਨਾ ਨਿਕਲਣ ਕਾਰਨ ਇਹ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਹਮਲਾਵਰਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਘਰ ਦੇ ਕਮਰੇ ਵਿਚ ਬੈੱਡ ਤੋਂ ਅਤੇ ਗਲੀ ਵਿਚੋਂ ਜ਼ਿੰਦਾ ਕਾਰਤੂਸ ਮਿਲੇ ਹਨ। ਇਸ ਦੇ ਨਾਲ ਹੀ ਨੇੜੇ ਖੜ੍ਹੇ ਨੌਜਵਾਨ ਅਰਵਿੰਦ ਕੁਮਾਰ ਨਾਂ ਦੇ ਨੌਜਵਾਨ ਨੂੰ ਵੀ ਗੋਲ਼ੀਆਂ ਲੱਗੀਆਂ ਹਨ। ਅਕਾਸ਼ਦੀਪ ਤੇ ਅਰਵਿੰਦ ਕੁਮਾਰ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਹੈ। 

ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਝਗੜੇ ਕਾਰਨ ਦੂਜੀ ਧਿਰ ਨੇ ਘਰ 'ਚ ਵੜ ਕੇ ਗੋਲ਼ੀਆਂ ਚਲਾਈਆਂ, ਜਿਸ ਵਿਚ ਅਕਾਸ਼ਦੀਪ ਸਿੰਘ ਤੇ ਉਸ ਦਾ ਚਾਚਾ ਮੱਖਣ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਕ ਹੋਰ ਘਟਨਾ ਵਿਚ ਅਰਵਿੰਦ ਕੁਮਾਰ ਦੇ ਵੀ ਗੋਲ਼ੀਆਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਪੂਰੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।