Punjab News: ਪੁਲਿਸ ਬਲ ਦੇ ਵਿਗਿਆਨਕ ਲੀਹਾਂ ਉਤੇ ਆਧੁਨਿਕੀਕਰਨ ਉਪਰ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਆਨਲਾਈਨ ਮਾਧਿਅਮ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਹੱਲ ਕਰਨ ਦੀ ਸਹੂਲਤ ਦੇਣੀ ਸਮੇਂ ਦੀ ਲੋੜ ਹੈ।
ਇੱਥੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਵਿੱਚ ਔਰਤਾਂ ਤੇ ਬੱਚਿਆਂ ਦੀ ਗੁੰਮਸ਼ੁਦਗੀ ਤੇ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਚੈਟ ਬੋਟ (95177-95178) ਲਾਂਚ ਕਰਦਿਆਂ ਅਤੇ ਔਰਤਾਂ ਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਰਕਰਸ਼ਾਪ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਸੇਵਾ ਵਿੱਚ ਅਣਗਿਣਤ ਬਲੀਦਾਨ ਦੇਣ ਦੀ ਪੰਜਾਬ ਪੁਲਿਸ ਦੀ ਸ਼ਾਨਾਮੱਤੀ ਵਿਰਾਸਤ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣ ਦਾ ਆਪਣਾ ਮੁੱਖ ਫ਼ਰਜ਼ ਨਿਭਾਉਂਦਿਆਂ ਪੰਜਾਬ ਪੁਲਿਸ ਨੇ ਹਮੇਸ਼ਾ ਦੇਸ਼ ਤੇ ਇਸ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਦਲ ਰਹੇ ਹਾਲਾਤ ਵਿੱਚ ਪੁਲਿਸ ਬਲ ਲਈ ਚੁਣੌਤੀਆਂ ਕਈ ਗੁਣਾ ਵਧੀਆਂ ਹਨ, ਜਿਸ ਲਈ ਕਾਰਜਪ੍ਰਣਾਲੀ ਵਿੱਚ ਵਿਆਪਕ ਸੁਧਾਰ ਸਮੇਂ ਦੀ ਜ਼ਰੂਰਤ ਬਣ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ-ਵਿਵਸਥਾ ਉਤੇ ਸਖ਼ਤੀ ਨਾਲ ਨਿਗ੍ਹਾ ਰੱਖਣ ਤੋਂ ਇਲਾਵਾ ਪੁਲਿਸ ਬਲ ਨੂੰ ਕਮਿਊਨਿਟੀ ਪੁਲਿਸਿੰਗ ਉਤੇ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਸਹੂਲਤ ਦੇਣ ਲਈ ਅਜਿਹੀਆਂ ਹੋਰ ਪਹਿਲਕਦਮੀਆਂ ਕਰਨ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਇਸ ਲਈ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਆਨਲਾਈਨ ਸਹੂਲਤਾਂ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਹੀ ਕਰਨ ਉਤੇ ਵੱਡਾ ਧਿਆਨ ਦੇਣ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਨਿਆਂ ਪ੍ਰਣਾਲੀ ਵਿੱਚ ਸਿਰੇ ਤੋਂ ਸੁਧਾਰ ਕਰਨ ਦੀ ਲੋੜ ਹੈ ਅਤੇ ਪੁਲਿਸ ਇਸ ਪ੍ਰਣਾਲੀ ਦਾ ਧੁਰਾ ਹੈ, ਜਿਸ ਵਿੱਚ ਫੌਰੀ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਸੁਧਾਰਾਂ ਦਾ ਮੰਤਵ ਨੈਤਿਕ ਕਦਰਾਂ-ਕੀਮਤਾਂ, ਸੱਭਿਆਚਾਰ, ਪੁਲਿਸ ਸੰਗਠਨ ਦੀਆਂ ਨੀਤੀਆਂ ਤੇ ਸਦਾਚਾਰ ਵਿੱਚ ਬਦਲਾਅ ਹੋਵੇਗਾ ਤਾਂ ਕਿ ਪੁਲਿਸ ਜਮਹੂਰੀ ਕਦਰਾਂ-ਕੀਮਤਾਂ, ਮਨੁੱਖੀ ਅਧਿਕਾਰਾਂ ਤੇ ਕਾਨੂੰਨ ਮੁਤਾਬਕ ਆਪਣੇ ਫ਼ਰਜ਼ ਨਿਭਾ ਸਕੇ।
ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਇਕ ਮੰਤਵ ਸੁਰੱਖਿਆ ਖੇਤਰ ਦੇ ਹੋਰ ਭਾਗਾਂ ਨਾਲ ਸਿੱਝਣ ਦੇ ਪੁਲਿਸ ਨੂੰ ਯੋਗ ਬਣਾਉਣਾ ਹੈ, ਜਿਨ੍ਹਾਂ ਵਿੱਚ ਮੈਨੇਜਮੈਂਟ ਅਤੇ ਨਿਗਰਾਨੀ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ।
ਮੁੱਖ ਮੰਤਰੀ ਨੇ ਵਿਭਾਗ ਦੇ ਆਧੁਨਿਕੀਕਰਨ ਲਈ ਪੁਲਿਸ ਬਲ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਮੀਦ ਜਤਾਈ ਕਿ ਮਨੁੱਖੀ ਤਸਕਰੀ ਪੁਲਿਸ ਲਈ ਹੀ ਨਹੀਂ, ਸਗੋਂ ਸਮੁੱਚੇ ਸਮਾਜ ਲਈ ਗੰਭੀਰ ਖ਼ਤਰਾ ਬਣ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਖ਼ਤਰੇ ਨਾਲ ਸਖ਼ਤੀ ਨਾਲ ਸਿੱਝਣ ਦੀ ਲੋੜ ਹੈ, ਜਿਸ ਲਈ ਪੁਲਿਸ ਵੱਲੋਂ ਲੀਕ ਤੋਂ ਹਟ ਕੇ ਕੀਤੀ ਚੈਟ ਬੋਟ ਨਾਂ ਦੀ ਪਹਿਲਕਦਮੀ ਇਕ ਸਵਾਗਤਯੋਗ ਕਦਮ ਹੈ।