ਚੰਡੀਗੜ੍ਹ: ਪੰਜਾਬ ਦੇ ਪੁਲਿਸ ਮੁਲਾਜ਼ਮਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਮਿਲਣ ਵਾਲੀ ਤੇਰ੍ਹਵੀਂ ਤਨਖਾਹ (ਓਵਰਟਾਈਮ) ਤੇ ਡਾਕਟਰਾਂ ਦਾ ਅਭਿਆਸ ਭੱਤਾ (ਐਨਪੀਏ) ਬੰਦ ਕਰਨ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਬਹੁਤ ਜ਼ਿਆਦਾ ਹੈ। ਇਸ ਲਈ 13ਵੀਂ ਤਨਖਾਹ ਜਾਰੀ ਰਹੇਗੀ। ਡਾਕਟਰਾਂ ਦਾ ਐਨਪੀਏ ਵੀ ਜਾਰੀ ਰੱਖਣਗਾ। ਦੱਸ ਦੇਈਏ ਕਿ ਪੰਜਾਬ ਦੇ ਪੁਲਿਸ ਮੁਲਾਜ਼ਮਾਂ ਨੂੰ ਇੱਕ ਸਾਲ ਵਿੱਚ ਇੱਕ ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾਂਦੀ ਹੈ। ਇਸ ਨੂੰ ਬੰਦ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।

ਕੇਂਦਰ ਸਰਕਾਰ ਵੱਲ ਜੀਐਸਟੀ ਮੁਆਵਜ਼ਾ ਰਾਸ਼ੀ ਦੀਆਂ ਦੋ ਕਿਸ਼ਤਾਂ ਬਕਾਇਆ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਪਟੜੀ ਤੋਂ ਉਤਰ ਚੁੱਕੀ ਹੈ। ਇਸ ਨਾਲ ਨਜਿੱਠਣ ਲਈ, ਪੰਜਾਬ ਸਰਕਾਰ ਨੇ ਖਰਚਿਆਂ ਵਿੱਚ ਕਟੌਤੀ ਲਈ ਤਿਆਰ ਕੀਤੇ ਰੋਡਮੈਪ ਨੂੰ ਲਾਗੂ ਕਰਨ 'ਚ ਸਫ਼ਲ ਨਹੀਂ ਹੋ ਸੱਕੀ ਹੈ।

ਸਰਕਾਰ ਨੇ ਕਿਸਾਨਾਂ, ਉਦਯੋਗਾਂ ਤੇ ਅਨੁਸੂਚਿਤ ਜਾਤੀ ਵਰਗ ਲਈ ਬਿਜਲੀ ਸਬਸਿਡੀ ਨੂੰ ਤਰਕਸੰਗਤ ਬਣਾਉਣ ਲਈ ਪ੍ਰਸਤਾਵ ਤਿਆਰ ਕੀਤੇ ਸਨ। ਇਸ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਅਦਾ ਕੀਤੀ ਜਾਂਦੀ ਤੇਰ੍ਹਵੀਂ ਤਨਖਾਹ ਨੂੰ ਬੰਦ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਸੀ।

ਸਰਕਾਰ ਦੇ ਖਰਚਿਆਂ ਨੂੰ ਘਟਾਉਣ ਅਤੇ ਮਾਲੀਏ ਦੇ ਸਰੋਤ ਪੈਦਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ ਕਿ ਕਾਂਸਟੇਬਲ ਤੋਂ ਇੰਸਪੈਕਟਰ ਦੇ ਅਹੁਦੇ ਤੋਂ ਕੰਮ ਕਰ ਰਹੇ 79625 ਕਰਮਚਾਰੀਆਂ ਦੀ 13ਵੀਂ ਤਨਖਾਹ ਦੇ ਬਦਲੇ ਵਿੱਚ ਉਨ੍ਹਾਂ ਨੂੰ 30 ਛੁੱਟੀਆਂ ਪ੍ਰਾਪਤ ਹੋਣਗੀਆਂ। ਇਹ ਉਨ੍ਹਾਂ 'ਤੇ ਕੰਮ ਕਰਨ ਲਈ ਦਬਾਅ ਘੱਟ ਕਰੇਗਾ। ਇਸ ਨਾਲ ਸਰਕਾਰ ਨੂੰ 312.27 ਕਰੋੜ ਰੁਪਏ ਦੀ ਬਚਤ ਹੁੰਦੀ।