Operation Lotus in Punjab: ਆਮ ਆਦਮੀ ਪਾਰਟੀ ਨੇ 'ਆਪਰੇਸ਼ਨ ਲੋਟਸ' ਬਾਰੇ ਪੰਜਾਬ ਦੇ ਪੁਲਿਸ ਮੁਖੀ ਕੋਲ ਸ਼ਿਕਾਇਤ ਕੀਤੀ ਹੈ। 'ਆਪ' ਦੇ ਇੱਕ ਦਰਜਨ ਵਿਧਾਇਕ ਡੀਜੀਪੀ ਕੋਲ ਸ਼ਿਕਾਇਤ ਕਰਨ ਪਹੁੰਚੇ ਤੇ ਭਾਜਪਾ ਆਗੂਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। 'ਆਪ' ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਨੇ 'ਆਪਰੇਸ਼ਨ ਲੋਟਸ' ਤਹਿਤ 11 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। 



ਹਰਪਾਲ ਚੀਮਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੱਕ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਵਿੱਚ ਦਿਨੇਸ਼ ਚੱਢਾ, ਰਮਨ ਅਰੋੜਾ, ਬੁੱਧ ਰਾਮ, ਕੁਲਵੰਤ ਪੰਡੋਰੀ, ਨਰਿੰਦਰ ਕੌਰ ਭਰਾਜ, ਰਜਨੀਸ਼ ਦਹੀਆ, ਰੂਪਿੰਦਰ ਸਿੰਘ ਹੈਪੀ, ਸ਼ੀਤਲ ਅੰਗੁਰਾਲ, ਮਨਜੀਤ ਸਿੰਘ ਬਿਲਾਸਪੁਰ, ਲਾਭ ਸਿੰਘ ਉਗੋਕੋ ਤੇ ਬਲਜਿੰਦਰ ਕੌਰ ਸ਼ਾਮਲ ਹਨ। 



ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਆਪਰੇਸ਼ਨ ਲੋਟਸ ਤਹਿਤ ਕਰਨਾਟਕ, ਗੋਆ, ਅਰੁਣਾਚਲ ਪ੍ਰਦੇਸ਼ 'ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ। ਉਸ ਤੋਂ ਬਾਅਦ ਦਿੱਲੀ ਵਿੱਚ 'ਆਪ' ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ। ਹੁਣ ਪੰਜਾਬ ਵਿੱਚ ਵੀ ਅਜਿਹੀ ਕੋਸਿਸ਼ ਕਰ ਰਹੀ ਹੈ। 


 


ਚੀਮਾ ਜਿਨ੍ਹਾਂ ਨਾਲ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਸਨ ਨੇ ਦੋਸ਼ ਲਾਇਆ ਕਿ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਤਾਂ ਮੰਗਲਵਾਰ ਦੀ ਪ੍ਰੈੱਸ ਕਾਨਫੰਰਸ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਕੱਲੇ ਨਹੀਂ ਹਨ, ਕੁਝ ਹੋਰਨਾਂ ਵਿਧਾਇਕਾਂ  ਨੂੰ ਭਾਜਪਾ ਦੇ ਏਜੰਟਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ 'ਆਪ' ਦੇ 35 ਵਿਧਾਇਕ‍ਾਂ ਤਕ ਪਹੁੰਚ ਕੀਤੀ ਤੇ ਇਨ੍ਹਾਂ ਵਿਚੋਂ 10 ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।