Punjab News: ਜਲੰਧਰ ਸਿਵਲ ਹਸਪਤਾਲ ਵਿੱਚ 3 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕਮੇਟੀ ਦੀ ਮੁੱਢਲੀ ਰਿਪੋਰਟ ਵਿੱਚ ਇੱਕ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ, ਘਟਨਾ ਸਮੇਂ ਹਸਪਤਾਲ ਦਾ ਆਕਸੀਜਨ ਪਲਾਂਟ ਅਧੀਨ ਕਰਮਚਾਰੀਆਂ (ਗ੍ਰੇਡ ਚਾਰ ਕਰਮਚਾਰੀ) ਦੀ ਮਦਦ ਨਾਲ ਚੱਲ ਰਿਹਾ ਸੀ, ਜਦੋਂ ਕਿ ਇਹ ਕੰਮ ਤਕਨੀਕੀ ਤੌਰ 'ਤੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੁਆਰਾ ਕੀਤਾ ਜਾਂਦਾ ਹੈ।
ਜਾਂਚ ਕਮੇਟੀ ਨੇ ਪਾਇਆ ਕਿ ਆਕਸੀਜਨ ਪਲਾਂਟ 'ਤੇ ਡਿਊਟੀ 'ਤੇ ਲਗਾਇਆ ਗਿਆ ਅਧੀਨ ਕਰਮਚਾਰੀ ਪਹਿਲਾਂ ਵੱਖ-ਵੱਖ ਵਾਰਡਾਂ ਵਿੱਚ ਅਸਥਾਈ ਡਿਊਟੀ ਕਰ ਰਿਹਾ ਸੀ। ਯਾਨੀ ਕਿ ਉਸਨੂੰ ਆਕਸੀਜਨ ਪਲਾਂਟ ਚਲਾਉਣ ਦਾ ਕੋਈ ਤਕਨੀਕੀ ਤਜਰਬਾ ਨਹੀਂ ਸੀ।
ਹਾਲਾਂਕਿ, ਮੌਤਾਂ ਦਾ ਅਸਲ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਕਿਸੇ ਵੀ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ, ਕਿਉਂਕਿ ਇਹ ਪੁਲਿਸ ਕੇਸ ਨਹੀਂ ਸੀ ਤੇ ਰਿਸ਼ਤੇਦਾਰ ਵੀ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਸਨ। ਅਜਿਹੀ ਸਥਿਤੀ ਵਿੱਚ, ਇਹ ਪੁਸ਼ਟੀ ਨਹੀਂ ਹੋ ਸਕੀ ਕਿ ਮੌਤਾਂ ਆਕਸੀਜਨ ਦੀ ਸਪਲਾਈ ਵਿੱਚ ਸਮੱਸਿਆ ਕਾਰਨ ਹੋਈਆਂ ਹਨ ਜਾਂ ਮਰੀਜ਼ਾਂ ਦੀ ਗੰਭੀਰ ਹਾਲਤ ਕਾਰਨ।
ਘਟਨਾ ਤੋਂ ਬਾਅਦ ਸੋਮਵਾਰ ਨੂੰ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਦੀ ਮੁਰੰਮਤ ਕੀਤੀ ਗਈ। ਫਿਲਹਾਲ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੈ ਕਿ ਪਲਾਂਟ ਦੇ ਕੰਮਕਾਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੀਆਂ ਤਕਨੀਕੀ ਖਾਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਮੇਟੀ ਦੀ ਰਿਪੋਰਟ ਸਿਹਤ ਵਿਭਾਗ ਨੂੰ ਸੌਂਪੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੇ ਕੋਈ ਲਾਪਰਵਾਹੀ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰ ਕਰ ਦਈਏ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿੱਚ ਐਤਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਆਕਸੀਜਨ ਪਲਾਂਟ ਤੋਂ 35 ਮਿੰਟ ਲਈ ਸਪਲਾਈ ਰੁਕਣ ਕਾਰਨ ICU ਵਿੱਚ ਦਾਖਲ 3 ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ 5 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਰੁਕਣ ਕਰਕੇ ਨੁਕਸਾਨ ਹੋਇਆ, ਜਿਨ੍ਹਾਂ ਵਿੱਚੋਂ 2 ਦੀ ਜਾਨ ਬਚਾ ਲਈ ਗਈ। ਇਸ ਤੋਂ ਬਾਅਦ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਵਿਸ਼ਵਾਸ ਨਹੀਂ ਹੋ ਰਿਹਾ ਕਿ ਜਦ ਮਰੀਜ਼ ਵੈਂਟੀਲੇਟਰ ‘ਤੇ ਸਨ ਤਾਂ ਆਕਸੀਜਨ ਸਪਲਾਈ ਫੇਲ੍ਹ ਹੋ ਗਈ । ਪੀੜਤ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ, ਜਿਨ੍ਹਾਂ ਲਈ ਇਹ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਅਤੇ ਅਸਹਿਣਯੋਗ ਹੈ ।
ਇਹ ਸਿੱਧੇ ਤੌਰ ‘ਤੇ ਕਤਲ ਹਨ ਅਤੇ ਇਸ ਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ, ਜਿਸ ਨੇ ਪੰਜਾਬ ਵਿੱਚ ਆਪਣੇ “ਦਿੱਲੀ ਸਿਹਤ ਮਾਡਲ” ਦੇ ਵਾਅਦੇ ਕੀਤੇ ਸਨ, ਨੂੰ ਇਸਦਾ ਜਵਾਬ ਦੇਣਾ ਪਵੇਗਾ। ਇਹ ਹਾਦਸਾ ਓਦੋਂ ਵਾਪਰਿਆ ਜਦੋਂ ਬੇਰਹਿਮ ਆਪ ਸਰਕਾਰ ਪੰਜਾਬ ਦੇ ਪੈਸੇ ਨਾਲ ਗ਼ੈਰ-ਪੰਜਾਬੀਆਂ ਦੀ ਪਰਚਾਰ ਮੁਹਿੰਮ ਚਲਾਉਣ ‘ਚ ਲੱਗੀ ਹੋਈ ਹੈ ।