ਚੰਡੀਗੜ੍ਹ: ਦਾਣਾ ਮੰਡੀ ਟ੍ਰਾਂਸਪੋਟੇਸ਼ਨ ਟੈਂਡਰ ਘੁਟਾਲੇ ਦੀ ਜਾਂਚ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਟ੍ਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਮਗਰੋਂ ਵਿਜੀਲੈਂਸ ਨੇ ਹੁਣ ਕਾਂਗਰਸੀ ਲੀਡਰ ਕੈਪਟਨ ਸੰਦੀਪ ਸੰਧੂ ਦੇ ਓਐਸਡੀ ਮਨਪ੍ਰੀਤ ਈਸੇਵਾਲ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਸੂਤਰਾਂ ਮੁਤਾਬਕ ਵਿਜੀਲੈਂਸ ਨੂੰ ਮਨਪ੍ਰੀਤ ਦੀਆਂ 100 ਤੋਂ ਵੱਧ ਰਜਿਸਟਰੀਆਂ ਤੇ ਬਿਆਨੇ ਪ੍ਰਾਪਤ ਹੋਏ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਨੂੰ ਕਾਂਗਰਸੀ ਲੀਡਰ ਮਨਪ੍ਰੀਤ ਈਸੇਵਾਲ ਸਬੰਧੀ ਮਿਲੀਆਂ ਰਜਿਸਟਰੀਆਂ ਦੀ ਕੀਮਤ 500 ਕਰੋੜ ਤੋਂ ਹੈ। ਵਿਜੀਲੈਂਸ ਦੀ ਟੀਮ ਵੱਲੋਂ ਹੁਣ ਨਗਰ ਨਿਗਮ ਤੇ ਤਹਿਸੀਲ ਦਫ਼ਤਰਾਂ ਵਿੱਚ ਇਨ੍ਹਾਂ ਰਜਿਸਟਰੀਆਂ ਦਾ ਰਿਕਾਰਡ ਲੱਭਿਆ ਜਾ ਰਿਹਾ ਹੈ। ਹੁਣ ਤੱਕ ਜਿਨ੍ਹਾਂ ਰਜਿਸਟਰੀਆਂ ਦੇ ਕਾਗਜ਼ ਮਿਲੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ਦੀਆਂ ਹਨ।
ਸੂਤਰਾਂ ਮੁਤਾਬਕ ਮਨਪ੍ਰੀਤ ਕੋਲੋਂ ਮਿਲੇ ਦਸਤਾਵੇਜ਼ਾਂ ਵਿੱਚ ਸਾਊਥ ਸਿਟੀ ਰੋਡ ’ਤੇ ਇੱਕ ਵੱਡੀ ਕਲੋਨੀ ਦੇ ਕਾਗਜ਼ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਈਸੇਵਾਲ ਨੇ ਜੋ ਪ੍ਰਾਪਰਟੀਆਂ ਖਰੀਦੀਆਂ ਤੇ ਵੇਚੀਆਂ ਹਨ, ਉਨ੍ਹਾਂ ਵਿੱਚ ਸ਼ਹਿਰ ਦੇ ਵੱਡੇ ਵੱਡੇ ਕਲੋਨਾਈਜ਼ਰ ਸ਼ਾਮਲ ਹਨ। ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਰਿਮਾਂਡ ਦੇ 8ਵੇਂ ਦਿਨ ਵਿਜੀਲੈਂਸ ਨੇ ਆਪਣੀ ਜਾਂਚ ਮੁੱਲਾਂਪੁਰ ਤੋਂ ਸ਼ੁਰੂ ਕੀਤੀ ਸੀ।
ਵਿਜੀਲੈਂਸ ਦੀ ਟੀਮ ਨੇ ਕੈਪਟਨ ਸੰਧੂ ਦੇ ਨਜ਼ਦੀਕੀ ਪ੍ਰਾਪਰਟੀ ਕਾਰੋਬਾਰੀ ਤੇ ਕਾਂਗਰਸੀ ਆਗੂ ਮਨਪ੍ਰੀਤ ਈਸੇਵਾਲ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਸੀ, ਜਿਸ ਦੇ ਦਫ਼ਤਰ ਵਿੱਚੋਂ ਵਿਜੀਲੈਂਸ ਦੀ ਟੀਮ ਨੂੰ ਸੌ ਤੋਂ ਵੱਧ ਰਜਿਸਟਰੀਆਂ ਦੇ ਕਾਗਜ਼ ਬਰਾਮਦ ਹੋਏ ਸਨ। ਇਸ ਮਗਰੋਂ ਵਿਜੀਲੈਂਸ ਦੀ ਟੀਮ ਹੁਣ ਤੱਕ ਕਈ ਵਾਰ ਮਨਪ੍ਰੀਤ ਕੋਲੋਂ ਪੁੱਛ-ਪੜਤਾਲ ਕਰ ਚੁੱਕੀ ਹੈ।
ਵਿਜੀਲੈਂਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਡੇਢ ਤੋਂ ਦੋ ਸਾਲਾਂ ਵਿੱਚ ਹੀ ਇੰਨੀਆਂ ਵੱਡੀਆਂ ਪ੍ਰਾਪਰਟੀਆਂ ਮਨਪ੍ਰੀਤ ਨੇ ਕਿਵੇਂ ਤਿਆਰ ਕੀਤੀਆਂ ਹਨ ਤੇ ਇਨ੍ਹਾਂ ਲਈ ਉਸ ਕੋਲ ਪੈਸੇ ਕਿੱਥੋਂ ਆਏ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਨਪ੍ਰੀਤ ਨੇ ਆਪਣੇ ਪਰਿਵਾਰ ਜਾਂ ਰਿਸ਼ਤੇਵਾਰਾਂ ਦੇ ਨਾਂ ’ਤੇ ਕਿੰਨੀਆਂ ਪ੍ਰਾਪਰਟੀਆਂ ਦੀ ਖਰੀਦ ਕੀਤੀ ਹੈ ਤੇ ਹੋਰ ਕਿੰਨੇ ਲੋਕਾਂ ਨੇ ਉਸ ਨਾਲ ਪ੍ਰਾਪਰਟੀਆਂ ਵਿੱਚ ਨਿਵੇਸ਼ ਕੀਤਾ ਹੈ।