ਮਾਨਸਾ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨਾਲ ਹੋਏ ਮੁਕਾਬਲੇ 'ਚ ਸਿੱਧੂ ਮੂਸੇਵਾਲਾ ਦੇ ਸ਼ੂਟਰ ਮਾਰੇ ਗਏ।ਪੁਲਿਸ ਨਾਲ ਕਈ ਘੰਟੇ ਚੱਲੀ ਫਾਈਰਿੰਗ 'ਚ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਢੇਰ ਹੋ ਗਏ।ਇਹ ਐਨਕਾਉਂਟਰ ਅੰਮ੍ਰਿਤਸਰ ਦੇ ਪਿੰਡ ਭਕਨਾ 'ਚ ਹੋਇਆ ਜਿੱਥੇ ਇਹ ਸ਼ੂਟਰ ਲੁੱਕੇ ਹੋਏ ਸੀ।ਇਸ ਪੁਲਿਸ ਮੁਕਾਬਲੇ ਮਗਰੋਂ ਪੁਲਿਸ ਦਾ ਬਿਆਨ ਆਇਆ ਹੈ ਕਿ ਪੁਲਿਸ ਉਨ੍ਹਾਂ ਨੂੰ ਜ਼ਿੰਦਾ ਕਾਬੂ ਕਰਨਾ ਚਾਹੁੰਦਾ ਸੀ ਪਰ ਉਨ੍ਹਾਂ ਫਾਈਰਿੰਗ ਬੰਦ ਨਹੀਂ ਕੀਤੀ।


ਮਾਨਸਾ CIA ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਮਾਨਸਾ ਪੁਲਿਸ ਦੋਵੇਂ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ।ਉਨ੍ਹਾਂ ਦੇ ਨਾਲ ਹੀ ਐਨਕਾਊਂਟਰ ਵਾਲੀ ਥਾਂ 'ਤੇ ਆਈ। ਫਿਲਹਾਲ ਐਸਡੀਐਮ ਅਤੇ ਤਹਿਸੀਲਦਾਰ ਮੁਕਾਬਲੇ ਵਾਲੀ ਥਾਂ ਤੋਂ ਵਾਪਸ ਚਲੇ ਗਏ ਹਨ, ਪੁਲਿਸ ਅਧਿਕਾਰੀ ਵੀ ਵਾਪਸ ਚਲੇ ਗਏ ਹਨ। ਜਿਸ ਟਰੈਕਟਰ ਟਰਾਲੀ 'ਤੇ ਗੋਲੀਆਂ ਚਲਾਈਆਂ ਗਈਆਂ ਹਨ, ਉਹ ਐਨਕਾਊਂਟਰ ਹਾਊਸ ਦੇ ਬਾਹਰ ਹੈ ਅਤੇ ਪੁਲਿਸ ਪਹਿਰਾ ਦੇ ਰਹੀ ਹੈ, ਫਿਰ ਵੀ ਕਿਸੇ ਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ।


ਪੁਲਿਸ 21 ਜੂਨ ਨੂੰ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਹੀ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਤੱਕ ਪਹੁੰਚ ਗਈ ਸੀ।ਇਸ ਗੱਲ ਦਾ ਖੁਲਾਸਾ ਮਾਨਸਾ ਦੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਕੀਤਾ ਹੈ।ਉਹਨਾਂ ਦੱਸਿਆ ਕਿ ਪੁਲਿਸ ਲਗਾਤਾਰ ਉਨ੍ਹਾਂ ਨੂੰ ਟ੍ਰੈਕ ਕਰ ਰਹੀ ਸੀ ਅਤੇ ਉਨ੍ਹਾਂ ਦੇ ਇੱਥੇ ਇਸ ਘਰ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। 


ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਦੋਵੇਂ ਗੈਂਗਸਟਰ ਇਸ ਘਰ ਵਿਚ ਮੌਜੂਦ ਹਨ, ਇਸ ਲਈ ਪੁਲਿਸ ਟੀਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਐਨਕਾਊਂਟਰ ਦੇ ਵਿਚਕਾਰ ਇੱਕ ਵਾਰ ਫਿਰ ਦੋਵਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਅਤੇ ਉਨ੍ਹਾਂ ਕਿਹਾ ਕਿ ਮੀਡੀਆ ਨੂੰ ਬੁਲਾਇਆ ਜਾਵੇ ਤਾਂ ਉਹ ਮੀਡੀਆ ਦੇ ਸਾਹਮਣੇ ਆਤਮ ਸਮਰਪਣ ਕਰ ਦੇਣਗੇ।


ਪੁਲਿਸ ਨੇ ਉਨ੍ਹਾਂ ਨੂੰ ਗੋਲੀਬਾਰੀ ਬੰਦ ਕਰਨ ਲਈ ਕਿਹਾ ਕਿਉਂਕਿ ਮੀਡੀਆ ਨੂੰ ਬੁਲਾਉਣ ਵਿੱਚ 20-25 ਮਿੰਟ ਲੱਗ ਜਾਣਗੇ। ਦੋਵਾਂ ਨੇ ਕੁਝ ਸਮੇਂ ਲਈ ਗੋਲੀਬਾਰੀ ਕਰਨੀ ਬੰਦ ਕਰ ਦਿੱਤੀ ਪਰ ਫਿਰ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਵੀ ਦੁਬਾਰਾ ਗੋਲੀਬਾਰੀ ਕੀਤੀ ਅਤੇ ਮੁਕਾਬਲੇ ਵਿੱਚ ਦੋਵੇਂ ਮਾਰੇ ਗਏ।