ਅੰਮ੍ਰਿਤਸਰ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਫਿਰੋਜਪੁਰ ਫੇਰੀ ਦੌਰਾਨ ਹੋਈ ਕੁਤਾਹੀ ਇੱਕ ਵੱਡੀ ਸਾਜਿਸ਼ ਸੀ ਜਿਸ ਦਾ ਛੇਤੀ ਹੀ ਪਰਦਾਫਾਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਬੁੱਝ ਕੇ ਅਜਿਹੀ ਥਾਂ 'ਤੇ ਰੋਕਿਆ ਗਿਆ ਜਿੱਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਸੀ। ਅੱਜ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਜਾਂਚ ਕਮੇਟੀ ਫਿਰੋਜ਼ਪੁਰ ਪਹੁੰਚੀ ਹੈ।

ਦੂਜੇ ਪਾਸੇ ਹਰਦੀਪ ਸਿੰਘ ਪੁਰੀ ਨੇ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਕਿ ਕੀ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਗੰਭੀਰ ਆਗੂ ਹਨ। ਪੁਰੀ ਨੇ ਇਹ ਵੀ ਕਿਹਾ ਕਿ ਭਾਜਪਾ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਜੋ ਵੀ ਹੋਵੇਗਾ, ਸਭ ਤੋਂ ਵਧੀਆ ਹੋਵੇਗਾ ਤੇ ਇਸ ਦਾ ਫੈਸਲਾ ਪਾਰਟੀ ਦਾ ਸੰਸਦੀ ਬੋਰਡ ਕਰੇਗਾ।

ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਟੀਮ ਫਿਰੋਜਪੁਰ ਪੁੱਜੀ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਵੱਲੋਂ ਰਚੀ ਸਾਜਿਸ਼ ਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨਾਲ ਜਾਣਬੁੱਝ ਕੇ ਖਿਲਵਾੜ ਕੀਤਾ ਗਿਆ ਸੀ।

ਚੁੱਘ ਨੇ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਸਣ ਕਿ ਪ੍ਰੋਟੋਕਾਲ ਮੁਤਾਬਕ ਚੰਨੀ ਪੀਐਮ ਦੇ ਸਵਾਗਤ ਕਿਉਂ ਨਹੀਂ ਆਏ ਜਦਕਿ ਇੱਕ ਘੰਟੇ ਬਾਅਦ ਉਹ ਖੁਦ ਮੀਡੀਆ ਨਾਲ ਗੱਲ ਕਰ ਰਹੇ ਸਨ', ਜੋ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ।

ਚੁੱਘ ਨੇ ਕਾਂਗਰਸ ਵੱਲੋਂ ਸੀਐਮ ਚਿਹਰੇ ਦੇ ਕੀਤੇ ਜਾ ਰਹੇ ਐਲਾਨ ਬਾਰੇ ਕਿਹਾ ਕਿ ਕਾਂਗਰਸ ਜਿਹੜੇ ਮਰਜੀ ਆਗੂ ਨੂੰ ਸੀਐਮ ਨੂੰ ਐਲਾਨ ਦੇਵੇ ਪਰ ਜਦ ਸੂਬੇ ਵਿੱਚ ਸਰਕਾਰ ਹੀ ਨਹੀਂ ਬਣਨੀ ਕਾਂਗਰਸ ਦੀ ਤਾਂ ਫਿਰ ਕੀ ਫਾਇਦਾ। ਚੁੱਘ ਨੇ ਸਿੱਧੂ-ਮਜੀਠੀਆ ਦੀ ਚੋਣ ਇੱਕ ਅਹੰਕਾਰ ਦੀ ਚੋਣ ਹੈ ਜਿਸ ਵਿੱਚ ਲੋਕਾਂ ਦੀ ਗੱਲ ਨਹੀਂ ਹੋ ਰਹੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490