Faridkot News : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢੇਪਈ ਤੋਂ ਆਪਣੇ ਸਹੁਰੇ ਦਾ ਪਤਾ ਲੈ ਕੇ ਆਪਣੇ ਪੁੱਤਰ ਨਾਲ ਵਾਪਿਸ ਜਾ ਰਹੇ ਬਿੱਕਰ ਸਿੰਘ ਵਾਸੀ ਹਰੀ ਨੌਂ ਨੂੰ ਬੀਤੀ ਰਾਤ ਕੁੱਝ ਲੋਕਾਂ ਨੇ ਰਸਤੇ 'ਚ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਇਸ ਦੌਰਾਨ ਪਤਾ ਲੱਗਣ 'ਤੇ ਉਸ ਨੂੰ ਬਚਾਉਣ ਆਏ ਉਸ ਦੇ ਦੋਵੇਂ ਸਾਲਿਆ ਨੂੰ ਵੀ ਕੁੱਟਿਆ ਗਿਆ। ਜਿਸ ਤੋਂ ਬਾਅਦ ਬਿੱਕਰ ਸਿੰਘ ਦੀ ਕੋਟਕਪੂਰਾ ਹਸਪਤਾਲ 'ਚ ਮੌਤ ਹੋ ਗਈ ,ਜਦਕਿ ਉਸਦੇ ਦੋਵੇਂ ਸਾਲਿਆ ਕੁਲਵਿੰਦਰ ਸਿੰਘ ਅਤੇ ਜੋਰਾ ਸਿੰਘ ਦੇ ਕਾਫ਼ੀ ਸੱਟਾਂ ਵੱਜੀਆਂ, ਜਿਨ੍ਹਾਂ ਦਾ ਕੋਟਕਪੂਰਾ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜ਼ਖਮੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਕੁੱਝ ਵਿਅਕਤੀ ਪਹਿਲਾਂ ਵੀ ਰੰਜਿਸ਼ ਤਹਿਤ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਕੱਲ ਸ਼ਾਮ ਉਨ੍ਹਾਂ ਦੇ ਜੀਜੇ ਬਿੱਕਰ ਸਿੰਘ ਅਤੇ ਭਾਣਜੇ ਹਰਮਨ ਜੋ ਉਨ੍ਹਾਂ ਦੇ ਪਿਤਾ ਦਾ ਪਤਾ ਲੈ ਕੇ ਮੋਟਰਸਾਈਕਲ 'ਤੇ ਵਾਪਿਸ ਪਿੰਡ ਹਰੀ ਨੌ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਬਿੱਕਰ ਸਿੰਘ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Hemkund Sahib Yatra 2023: ਹੇਮਕੁੰਟ ਯਾਤਰਾ 'ਤੇ ਗਏ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਜਦੋਂ ਉਨ੍ਹਾਂ ਦੇ ਭਾਣਜੇ ਨੇ ਉਥੋਂ ਭੱਜ ਕੇ ਆ ਕੇ ਸਾਨੂੰ ਦੱਸਿਆ ਤਾਂ ਅਸੀਂ ਬਚਾਅ ਲਈ ਪਿੱਛੇ ਗਏ ਪਰ ਵੱਡੀ ਗਿਣਤੀ 'ਚ ਇਕੱਠੇ ਹੋਏ ਉਨ੍ਹਾਂ ਲੋਕਾਂ ਨੇ ਸਾਨੂੰ ਵੀ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਬਿੱਕਰ ਸਿੰਘ ਦੀ ਕੋਟਕਪੂਰਾ ਹਸਪਤਾਲ ਪੁੱਜਣ 'ਤੇ ਘੰਟੇ ਬਾਅਦ ਹੀ ਮੌਤ ਹੋ ਗਈ। ਉਨ੍ਹਾਂ ਇੰਨਸਾਫ਼ ਦੀ ਮੰਗ ਕਰਦੇ ਹੋਏ ਆਰੋਪੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਚੋਣਾਂ ਦਾ ਵੱਜਿਆ ਬਿਗੁਲ! ਕੇਂਦਰ ਸਰਕਾਰ ਨੇ ਵਿੱਢੀ ਤਿਆਰੀ, ਪੰਜਾਬ ਸਰਕਾਰ ਨੂੰ ਭੇਜਿਆ ਲੈਟਰ
ਓਧਰ ਇਸ ਮਾਮਲੇ 'ਚ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਦੋਵਾਂ ਧਿਰਾਂ 'ਚ ਸ਼ਰਾਬ ਪੀਣ ਤੋਂ ਬਾਅਦ ਵਿਵਾਦ ਹੋਇਆ ,ਜਿਸ 'ਚ ਬਿੱਕਰ ਸਿੰਘ 'ਤੇ ਹਮਲਾ ਕਰਨ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਜੈਤੋ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ 2 ਲੋਕਾਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਹੈ।