ਮਜੀਠਾ: ਸ੍ਰੋਮਣੀ ਅਕਾਲੀ ਦਲ ਤੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਣਕ ਦੀ ਖਰੀਦ 19 ਦਿਨਾਂ ਦੇਰੀ ਨਾਲ ਸ਼ੁਰੂ ਕਰਨ ’ਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਣਕ ਦੀ ਨੁਕਸਾਨੀ ਗਈ ਫਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਨਮੀ ਦੀ ਮਾਤਰਾ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਕਿਸਾਨ ਮੰਡੀਆਂ ਵਿਚ ਖੱਜਲ ਖੁਆਰ ਨਾ ਹੋਣ।
ਅਕਾਲੀ ਆਗੂ, ਜਿਹਨਾਂ ਨੇ ਕਣਕ ਦੀ ਖਰੀਦ ਦੀ ਸਮੀਖਿਆ ਲਈ ਸਥਾਨਕ ਮੰਡੀ ਦਾ ਦੌਰਾ ਕੀਤਾ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰ ਸਰਕਾਰ ਵੱਲੋਂ ਬਾਰਦਾਨੇ ਦੀ ਕਮੀ ਪੂਰੀ ਕਰਨ ਵਿਚ ਨਾਕਾਮ ਰਹਿਣ ਅਤੇ ਕਣਕ ਦੀ ਖਰੀਦ 1 ਦੀ ਥਾਂ 10 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਮੰਡੀਆਂ ਵਿਚੋਂ ਲਿਫਟਿੰਗ ਬਿਲਕੁਲ ਨਹੀਂ ਹੋ ਰਹੀ ਜਿਸ ਕਾਰਨ ਕਣਕਾਂ ਦੇ ਅੰਬਾਰ ਲੱਗ ਗਏ ਹਨ ਅਤੇ ਇਸ ਮੁਸ਼ਕਿਲ ਨੂੰ ਹੱਲ ਨਾ ਕੀਤਾ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ।
ਬਿਕਰਮ ਸਿੰਘ ਮਜੀਠੀਆ ਨੇ ਇਹਨਾਂ ਹਾਲਾਤਾਂ ਲਈ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਖਰੀਦ ਵਿਚ ਦੇਰੀ ਕਾਰਨ ਕਣਕ ਵਿਚ ਨਮੀ ਦੀ ਮਾਤਰਾ ਵੱਧ ਗਈ ਹੈ ਤੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦਾ ਨੁਕਸਾਨ ਵੀ ਹੋਇਆ ਹੈ।ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਬਾਰਦਾਨੇ ਦੀ ਕਮੀ ਕਾਰਨ ਹੁਣ ਤੱਕ ਸੂਬੇ ਵਿਚ ਕੁੱਲ ਖਰੀਦ ਦੇ ਅਨੁਮਾਨ ਦੇ ਮੁਕਾਬਲੇ ਸਿਰਫ 5 ਫੀਸਦੀ ਹੀ ਖਰੀਦ ਹੋਈ ਹੈ।
ਉਹਨਾਂ ਕਿਹਾ ਕਿ ਬਾਰਦਾਨੇ ਦੀ ਗੰਭੀਰ ਕਮੀ ਹੈ ਤੇ ਵਰਤਿਆ ਹੋਇਆ ਬਾਰਦਾਨਾ ਵੀ ਨਹੀਂ ਮਿਲ ਰਿਹਾ।ਉਹਨਾਂ ਕਿਹਾ ਕਿ ਜੇਕਰ ਇਹ ਸਮੱਸਿਆ ਆਉਂਦੇ ਕੁਝ ਦਿਨਾਂ ਵਿਚ ਹੱਲ ਨਾ ਹੋਈ ਤਾਂ ਫਿਰ ਮੰਡੀਆਂ ਵਿਚ ਕਣਕਾਂ ਦੇ ਅੰਬਾਰ ਲੱਗੇ ਜਾਣਗੇ। ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਲਿਫਟਿੰਗ ਵੀ ਬਿਲਕੁਲ ਨਹੀਂ ਹੋ ਰਹੀ ਤੇ ਜੇਕਰ ਮੀਂਹ ਪੈ ਗਿਆ ਤਾਂ ਇਸ ਨਾਲ ਮੰਡੀਆਂ ਵਿਚ ਪਈ ਕਣਕ ਦਾ ਵੱਡਾ ਨੁਕਸਾਨ ਹੋਵੇਗਾ।