Punjab News: ਅੰਮ੍ਰਿਤਸਰ ਵਿੱਚ ਰਾਤ ਨੂੰ ਇੱਕ ਹੋਰ ਧਮਾਕਾ ਸੁਣਾਈ ਦਿੱਤਾ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਬਾਈਪਾਸ 'ਤੇ ਫਤਿਹਗੜ੍ਹ ਚੂੜੀਆਂ ਪੁਲਿਸ ਸਟੇਸ਼ਨ 'ਤੇ ਰਾਤ 8 ਵਜੇ ਦੇ ਕਰੀਬ ਧਮਾਕਾ ਸੁਣਾਈ ਦਿੱਤਾ। ਇਸ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਪੁਲਿਸ ਨੇ ਕਿਹਾ ਕਿ ਧਮਾਕਾ ਜ਼ਰੂਰ ਹੋਇਆ ਹੈ ਪਰ ਇਹ ਕੋਈ ਗ੍ਰੇਨੈਡ ਹਮਲਾ ਨਹੀਂ ਹੈ।
ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਤਿੱਖਾ ਹਮਲਾ ਕੀਤਾ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਾਰਤ ਪਾਕਿਸਤਾਨ ਸਰਹੱਦ ਉੱਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ, ਮੁੱਖ ਮੰਤਰੀ ਟੂਰ ਉੱਤੇ ਪੰਜਾਬ ਖ਼ਤਰੇ ਵਿੱਚ, ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਉੱਤੇ ਨੰਗਲੀ ਚੱਕੀ ਦੇ ਬਾਹਰ ਗ੍ਰੈਨੇਡ ਹਮਲਾ ਹੋਇਆ ਹੈ, ਇਹ ਧਮਾਕਾ ਸ਼ਾਮ 7.30 ਵਜੇ ਹੋਇਆ ਹੈ। ਪੁਲਿਸ ਜਵਾਬ ਦੇਣ ਤੋਂ ਅਸਮਰਥ ਹੈ
ਮਜੀਠੀਆ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਸਰਹੱਦੀ ਇਲਾਕੇ ਵਿੱਚ 12 ਤੋਂ ਜਿਆਦਾ ਧਮਾਕੇ ਹੋਣਾ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਿਆਨ ਕਰਦੇ ਹਨ। ਪੰਜਾਬ ਸਰਹੱਦੀ ਸੂਬਾ ਹੈ ਤੇ ਸਰਹੱਦੀ ਇਲਾਕੇ ਵਿੱਚ ਅਜਿਹੇ ਧਮਾਕੇ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਨਾ ਲੈ ਜਾਣ।
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੇ ਹਾਲਾਤ ਨਹੀਂ ਸੁਧਾਰ ਸਕਦੇ ਤਾਂ ਅਸਤੀਫਾ ਦੇ ਦਿਓ। ਇਸ ਮੌਕੇ ਪੁਲਿਸ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਗੁਰਪ੍ਰੀਤ ਭੁੱਲਰ ਹੁਣ ਦੱਸਣ ਕਿ ਟਾਇਰ ਫਟਿਆ ਹੈ ਜਾਂ ਫਿਰ ਰੇਡੀਏਟਰ
ਦੱਸ ਦਈਏ ਕਿ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਰ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ ਤੇ ਮੌਕੇ ਦਾ ਮੁਆਇਨਾ ਕੀਤਾ ਅਤੇ ਮਾਮਲੇ ਬਾਰੇ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਨੇ ਧਮਾਕੇ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਟੀਮ ਵੱਲੋਂ ਨੇੜੇ ਹੀ ਇੱਕ ਚੈੱਕ ਪੋਸਟ ਸਥਾਪਤ ਕੀਤੀ ਗਈ ਸੀ। ਧਮਾਕੇ ਦੀ ਆਵਾਜ਼ ਸੁਣਦੇ ਹੀ ਟੀਮ ਮੌਕੇ 'ਤੇ ਪਹੁੰਚ ਗਈ ਪਰ ਇੱਥੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।
ਪਰ ਪੁਲਿਸ ਕਮਿਸ਼ਨਰ ਨੇ ਇਸਨੂੰ ਗ੍ਰਨੇਡ ਹਮਲਾ ਕਹਿਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਕਿਹਾ ਕਿ ਗ੍ਰਨੇਡ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ਪਰ ਉਹ ਪ੍ਰਭਾਵ ਇੱਥੇ ਦਿਖਾਈ ਨਹੀਂ ਦੇ ਰਿਹਾ। ਇਸ ਲਈ, ਨਾ ਤਾਂ ਘਬਰਾਹਟ ਪੈਦਾ ਕਰਨੀ ਚਾਹੀਦੀ ਹੈ ਤੇ ਨਾ ਹੀ ਅਫਵਾਹਾਂ ਫੈਲਾਉਣੀਆਂ ਚਾਹੀਦੀਆਂ ਹਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਚੌਕੀ ਪਹਿਲਾਂ ਕੰਮ ਕਰ ਰਹੀ ਸੀ, ਪਰ ਪਿਛਲੇ ਸਾਲ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਹੁਣ ਜਨਤਾ ਲਈ ਨਹੀਂ ਵਰਤਿਆ ਜਾਂਦਾ। ਹਾਲਾਂਕਿ ਅੰਮ੍ਰਿਤਸਰ ਪੁਲਿਸ ਇਸਨੂੰ ਗ੍ਰਨੇਡ ਹਮਲਾ ਨਹੀਂ ਮੰਨ ਰਹੀ ਹੈ, ਪਰ ਧਮਾਕੇ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਨੂੰ ਧਮਾਕੇ ਨਾਲ ਸਬੰਧਤ ਸਬੂਤ ਇਕੱਠੇ ਕਰਦੇ ਦੇਖਿਆ ਗਿਆ
ਪੰਜਾਬ ਵਿੱਚ ਕਦੋਂ-ਕਦੋਂ ਹੋਏ ਧਮਾਕੇ
19 ਜਨਵਰੀ ਨੂੰ ਅੰਮ੍ਰਿਤਸਰ ਦੀ ਗੁਮਟਾਲਾ ਚੌਕੀ ਵਿਖੇ ਧਮਾਕਾ ਹੋਇਆ ਸੀ।
21 ਦਸੰਬਰ ਨੂੰ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਪਿੰਡ ਬੰਗਾ ਵਡਾਲਾ ਦੀ ਪੁਲਿਸ ਚੌਕੀ 'ਤੇ ਰਾਤ ਨੂੰ ਧਮਾਕਾ ਹੋਇਆ।
19 ਦਸੰਬਰ ਨੂੰ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੰਦ ਬਖਸ਼ੀਵਾਲਾ ਪੁਲਿਸ ਚੌਕੀ 'ਤੇ ਇੱਕ ਅੱਤਵਾਦੀ ਹਮਲਾ ਹੋਇਆ।
17 ਦਸੰਬਰ ਨੂੰ ਇਸਲਾਮਾਬਾਦ ਪੁਲਿਸ ਸਟੇਸ਼ਨ 'ਤੇ ਇੱਕ ਗ੍ਰਨੇਡ ਫਟਿਆ ਸੀ।
13 ਦਸੰਬਰ ਨੂੰ ਅਲੀਵਾਲ ਬਟਾਲਾ ਪੁਲਿਸ ਸਟੇਸ਼ਨ 'ਤੇ ਇੱਕ ਗ੍ਰਨੇਡ ਧਮਾਕਾ ਹੋਇਆ।
4 ਦਸੰਬਰ ਨੂੰ ਮਜੀਠਾ ਥਾਣੇ ਵਿੱਚ ਇੱਕ ਗ੍ਰਨੇਡ ਫਟਿਆ, ਤਾਂ ਪੁਲਿਸ ਨੇ ਇਸਨੂੰ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ।
2 ਦਸੰਬਰ ਨੂੰ ਐਸਬੀਐਸ ਨਗਰ ਦੇ ਕਾਠਗੜ੍ਹ ਪੁਲਿਸ ਸਟੇਸ਼ਨ ਵਿੱਚ ਇੱਕ ਗ੍ਰਨੇਡ ਧਮਾਕਾ ਹੋਇਆ।
27 ਨਵੰਬਰ ਨੂੰ ਗੁਰਬਖਸ਼ ਨਗਰ ਵਿੱਚ ਇੱਕ ਬੰਦ ਪੁਲਿਸ ਚੌਕੀ 'ਤੇ ਇੱਕ ਗ੍ਰਨੇਡ ਫਟਿਆ।
24 ਨਵੰਬਰ ਨੂੰ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਆਰਡੀਐਕਸ ਲਗਾਇਆ ਗਿਆ ਸੀ। ਹਾਲਾਂਕਿ, ਇਹ ਫਟਿਆ ਨਹੀਂ।
24 ਨਵੰਬਰ ਨੂੰ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਆਰਡੀਐਕਸ ਲਗਾਇਆ ਗਿਆ ਸੀ। ਹਾਲਾਂਕਿ, ਇਹ ਫਟਿਆ ਨਹੀਂ। ਹੈਪੀ ਪਾਸੀਅਨ ਨੇ ਇਸਦੀ ਜ਼ਿੰਮੇਵਾਰੀ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।