ਸੰਗਰੂਰ: ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ 'ਤੇ ਰੱਜ ਤੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਸੰਗਰੂਰ ਤੇ ਬਰਨਾਲਾ ਦੇ ਲੋਕਾਂ ਨੂੰ ਕਹਿ ਕੇ ਗਏ ਕਿ ਮਾਨ ਨੇ ਸ਼ਰਾਬ ਛੱਡ ਦਿੱਤੀ ਹੈ ਪਰ ਉਨ੍ਹਾਂ ਦੇ ਸਾਥੀ ਸ਼ਿਕਾਇਤ ਕਰਦੇ ਹਨ ਕਿ ਮਾਨ ਸੰਸਦ ਵਿੱਚ ਹੀ ਸ਼ਰਾਬ ਪੀ ਕੇ ਆਉਂਦੇ ਹਨ, ਇਸ ਲਈ ਉਹ ਉਨ੍ਹਾਂ ਨਾਲ ਨਹੀਂ ਬੈਠਣਗੇ।


ਉਨ੍ਹਾਂ ਕਿਹਾ ਕਿ ਜਦੋਂ ਕੋਈ ਸੜਕ 'ਤੇ ਗੱਡੀ ਚਲਾਉਂਦਾ ਹੈ ਤਾਂ ਸੜਕਾਂ 'ਤੇ ਲਿਖਿਆ ਹੁੰਦਾ ਹੈ ਕਿ ਸਰਾਬ ਪੀ ਕੇ ਗੱਡੀ ਚਲਾਉਣਾ ਹਾਨੀਕਾਰਕ ਹੁੰਦਾ ਹੈ ਪਰ ਜਿਨ੍ਹਾਂ ਸੰਗਰੂਰ ਜਾ ਕੇ ਲੋਕ ਸਭਾ ਹਲਕਾ ਚਲਾਉਣਾ ਹੈ, ਉਹ ਆਪ ਨਸ਼ੇ 'ਚ ਟੱਲੀ ਰਹਿੰਦੇ ਹਨ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਤੇ 'ਆਪ' ਮਿਲ ਕੇ ਖੇਡ ਰਹੇ ਹਨ। 'ਆਪ' ਨੇ ਕਾਂਗਰਸ ਦੀ ਹੀ ਭਾਸ਼ਾ ਬੋਲਣੀ ਹੈ। ਕੇਜਰੀਵਾਲ ਨੇ ਪਹਿਲਾਂ ਵੀ ਮਿਲ ਕੇ ਸਰਕਾਰ ਬਣਾ ਲਈ ਤੇ ਹੁਣ ਵੀ ਇਹੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 'ਆਪ' ਕਾਂਗਰਸ ਦੀ 'ਏ' ਤੇ 'ਬੀ' ਟੀਮ ਹੈ।

ਖਡੂਰ ਸਾਹਿਬ ਤੋਂ ਟਕਸਾਲੀਆਂ ਵੱਲੋਂ ਆਪਣੀ ਟਿਕਟ ਵਾਪਸ ਲੈਣ ਸਬੰਧੀ ਮਜੀਠੀਆ ਨੇ ਕਿਹਾ ਕਿ ਇਹ ਤਾਂ ਕਾਂਗਰਸ ਦੇ ਬੁਲਾਰੇ ਹਨ। ਇਨ੍ਹਾਂ ਫੈਸਲਾ ਕਾਂਗਰਸ ਭਵਨ ਵਿੱਚ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਜਾਂ ਤਾਂ ਚੋਣ ਲੜਦੇ ਹੀ ਨਹੀਂ ਜਾਂ ਖ਼ੁਦ ਮੈਦਾਨ ਛੱਡ ਕੇ ਭੱਜ ਗਏ।

ਪਰਮਿੰਦਰ ਸਿੰਘ ਢੀਂਡਸਾ ਦੇ ਲੋਕ ਸਭਾ ਟਿਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਖ਼ੁਸ਼ਕਿਸਮਤੀ ਹੋਏਗੀ ਕਿ ਉਹ ਚੋਣ ਲੜਨ ਕਿਉਂਕਿ ਉਹ 5 ਵਾਰ ਵਿਧਾਇਕ ਤੇ 2 ਵਾਰ ਮੰਤਰੀ ਰਹਿ ਚੁੱਕੇ ਹਨ ਤੇ ਉਨ੍ਹਾਂ ਨੂੰ ਚੰਗਾ ਤਜਰਬਾ ਵੀ ਹੈ। ਉਨ੍ਹਾਂ ਦੀ ਇਲਾਕੇ ਨੂੰ ਕਾਫੀ ਦੇਣ ਰਹੇਗੀ। ਬਾਕੀ ਫੈਸਲਾ ਪਾਰਟੀ ਦੇ ਹੱਥ ਹੈ। ਸੁਖਬੀਰ ਦੇ ਫਿਰੋਜ਼ਪੁਰ ਤੋਂ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬਾਰੇ ਕੁਝ ਨਹੀਂ ਪਤਾ ਕਿ ਉਨ੍ਹਾਂ ਦਾ ਕੀ ਹੋਏਗਾ ਤੇ ਉਹ ਸੁਖਬੀਰ ਬਾਰੇ ਕੀ ਦੱਸਣਗੇ। ਉਨ੍ਹਾਂ ਕਿਹਾ ਕਿ ਪਾਰਟੀ ਹੀ ਇਸ ਬਾਰੇ ਫੈਸਲਾ ਕਰੇਗੀ।

ਕਾਂਗਰਸ ਦੇ 72 ਹਜ਼ਾਰ ਵਾਲੇ ਐਲਾਨ ਸਬੰਧੀ ਮਜੀਠੀਆ ਨੇ ਕਿਹਾ ਕਿ ਕਾਂਗਰਸੀਆਂ ਨੇ ਰਾਹੁਲ ਗਾਂਧੀ ਦਾ ਜੋ 'ਪੱਪੂ' ਨਾਂ ਰੱਖਿਆ ਹੈ, ਉਹ ਸਾਰੇ ਜਾਣਦੇ ਹਨ। ਕਾਂਗਰਸ ਪਾਰਟੀ ਨੇ 65 ਸਾਲ ਦੇਸ਼ 'ਤੇ ਰਾਜ ਕੀਤਾ ਤੇ ਇਕੱਲੇ ਗਾਂਧੀ ਪਰਿਵਾਰ ਨੇ 55 ਸਾਲ ਸ਼ਾਸਨ ਕੀਤਾ ਪਰ ਹਾਲੇ ਵੀ ਉਨ੍ਹਾਂ ਦਾ ਇੱਕੋ ਨਾਅਰਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਦਾ ਗ਼ਰੀਬਾਂ ਦੇ ਹੱਕ ਵਿੱਚ ਦਿੱਤਾ ਨਾਅਰਾ ਵਧੀਆ ਹੈ ਪਰ ਹੁਣ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।