Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਨਜ ਕੱਸਿਆ ਹੈ। ਉਨ੍ਹਾਂ ਨੇ ਆਮ ਆਦਮੀ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਗੜਬੜੀ 'ਤੇ ਸਵਾਲ ਉਠਾਉਂਦਿਆਂ ਵਿਅੰਗ ਕੀਤਾ ਕਿ ਇਹ ਪ੍ਰਾਪਤੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਣੀ ਚਾਹੀਦੀ ਹੈ।
ਬਿਕਰਮ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ...ਬੱਲੇ-ਬੱਲੇ ਕਰਵਾ ਦਿੱਤੀ ਭਗਵੰਤ ਮਾਨ ਸਾਹਿਬ, ਇਹ ਤਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਣੀ ਚਾਹੀਦੀ ਤੁਹਾਡੀ ਪ੍ਰਾਪਤੀ...360 ਮਿੰਟਾਂ ਵਿੱਚ ਇੱਕ ਡਾਕਟਰ ਨੇ 302 ਮਰੀਜ਼ਾਂ ਦਾ ਕੀਤਾ ਚੈਕਅੱਪ..ਆਮ ਆਦਮੀ ਕਲੀਨਿਕ ਜੀਕੇ ਐਨਕਲੇਵ ਖੰਨਾ ਤੇ ਪਟਿਆਲਾ ਨੇ ਕੀਤੀ ਵੱਡੀ ਪ੍ਰਾਪਤੀ.....ਹੈ ਕੋਈ ਰਿਕਾਰਡ ਦੀ ਬਰਾਬਰੀ ਕਰਨ ਵਾਲਾ...ਡਾਕਟਰ ਨੂੰ ਮਿਲੀ 6 ਘੰਟਿਆਂ ’ਚ 15100 ਰੁਪਏ..ਕਿਉਂ ਮੰਨਦੇ ਹੋ ਫਿਰ ਦਿੱਲੀ ਮਾਡਲ....ਮੈਂ ਨਹੀਂ ਕਹਿ ਰਿਹਾ ਕੋਈ ਘੁਟਾਲਾ.....ਚੁੱਪ ਭਲੀ...
ਹਾਸਲ ਜਾਣਕਾਰੀ ਮੁਤਾਬਕ ਆਮ ਆਦਮੀ ਕਲੀਨਿਕਾਂ ਵਿੱਚ ਫ਼ਰਜ਼ੀ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਸਿਹਤ ਮਹਿਕਮੇ ਵੱਲੋਂ ਫ਼ਰਜ਼ੀ ਮਰੀਜ਼ਾਂ ਦੀ ਗੁੰਜਾਇਸ਼ ਨੂੰ ਰੋਕਣ ਵਾਸਤੇ ਸਿੱਧਾ ਮਰੀਜ਼ਾਂ ਨਾਲ ਸੰਪਰਕ ਸਾਧਣਾ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਪਟਿਆਲਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਤੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਪੰਜ ਆਮ ਆਦਮੀ ਕਲੀਨਿਕਾਂ ਦੇ ਵਿਸ਼ੇਸ਼ ਆਡਿਟ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਨੂੰ ਪਾਰ ਕਰ ਰਿਹਾ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ 75 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ ਬਹੁਤੇ ਕਲੀਨਿਕਾਂ ਵਿਚ ਪ੍ਰਤੀ ਕਲੀਨਿਕ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰ ਰਹੀ ਹੈ। ਹਾਲਾਂਕਿ ਕਲੀਨਿਕਾਂ ਵਿੱਚ ਡਾਕਟਰਾਂ ਦਾ ਡਿਊਟੀ ਸਮਾਂ ਛੇ ਘੰਟੇ ਹੈ ਤੇ ਜੇ ਪ੍ਰਤੀ ਮਰੀਜ਼ ਡਾਕਟਰ ਪੰਜ ਮਿੰਟ ਵੀ ਦਿੰਦਾ ਹੈ ਤਾਂ ਛੇ ਘੰਟਿਆਂ ਵਿਚ 72 ਮਰੀਜ਼ਾਂ ਨੂੰ ਹੀ ਚੈੱਕ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਪੰਜਾਬ ਵਿਚ ਇਸ ਵੇਲੇ 664 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚ ਕਰੀਬ 59 ਲੱਖ ਮਰੀਜ਼ਾਂ ਦੀ ਜਾਂਚ ਹੋਈ ਹੈ। ਸਿਹਤ ਮਹਿਕਮੇ ਦੇ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਪੰਜਾਬ ਦੀ ਔਸਤ ਦੇਖੀਏ ਤਾਂ ਪ੍ਰਤੀ ਕਲੀਨਿਕ 80 ਮਰੀਜ਼ਾਂ ਦੀ ਰੋਜ਼ਾਨਾ ਦੀ ਔਸਤ ਆ ਰਹੀ ਹੈ।