Punajb News: ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮੌਕੇ ਅਕਾਲੀ ਵਰਕਰਾਂ ਵੱਲੋਂ ਜਮ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਓਧਰ ਦੂਜੇ ਪਾਸੇ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਲਗਭਗ 3 ਘੰਟੇ ਬਾਅਦ ਵੀ ਮਾਮਲੇ ਦੀ ਸੁਣਵਾਈ ਜਾਰੀ ਹੈ। ਦੋਵਾਂ ਧਿਰਾਂ ਵੱਲੋਂ ਬਹਿਸ ਕੀਤੀ ਜਾ ਰਹੀ ਹੈ।
ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਸੁਣਵਾਈ ਅੱਜ ਸਵੇਰੇ 10:45 ਵਜੇ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਸ਼ੁਰੂ ਹੋਈ। ਇਸ ਸਮੇਂ ਅਦਾਲਤ ਵਿੱਚ ਦੋਵਾਂ ਧਿਰਾਂ ਵੱਲੋਂ ਜ਼ੋਰਦਾਰ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਜਾਂਚ ਕਰ ਰਹੀ ਵਿਜੀਲੈਂਸ ਬਿਊਰੋ ਨੇ ਅਦਾਲਤ ਨੂੰ ਦੱਸਿਆ ਹੈ ਕਿ ਮਜੀਠੀਆ ਰਿਮਾਂਡ ਦੌਰਾਨ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ।
ਵਿਜੀਲੈਂਸ ਦਾ ਇਹ ਵੀ ਕਹਿਣਾ ਹੈ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਲਈ ਮਜੀਠੀਆ ਨੂੰ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੇ ਥਾਵਾਂ 'ਤੇ ਲਿਜਾਣਾ ਜ਼ਰੂਰੀ ਹੈ। ਇਨ੍ਹਾਂ ਆਧਾਰਾਂ 'ਤੇ ਵਿਜੀਲੈਂਸ ਬਿਊਰੋ ਅਦਾਲਤ ਤੋਂ ਬਿਕਰਮ ਸਿੰਘ ਮਜੀਠੀਆ ਦੇ ਰਿਮਾਂਡ ਦੀ ਮਿਆਦ ਵਧਾਉਣ ਦੀ ਮੰਗ ਕਰ ਰਿਹਾ ਹੈ।
ਇਸ ਮੌਕੇ ਸੁਖਬੀਰ ਬਾਦਲ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਪੂਰੇ ਪੰਜਾਬ ਵਿੱਚ ਵਰਕਰਾਂ ਦੀ ਵੀ ਧਰ ਪਕੜ ਹੋਈ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਹੰਕਾਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਲਗਾਈ ਅਣਐਲਾਨੀ ਐਂਮਰਜੈਂਸੀ ! ਇਹ ਸਾਨੂੰ ਗ੍ਰਿਫਤਾਰ ਕਰਕੇ ਡਰਾ ਨਹੀਂ ਸਕਦੇ ! ਇੱਕ ਇੱਕ ਅਕਾਲੀ ਵਰਕਰ ਆਪ ਸਰਕਾਰ ਦੇ ਧੱਕੇ ਅੱਗੇ ਡੱਟ ਕੇ ਖੜੇਗਾ ਤੇ ਲੜਾਈ ਲੜੇਗਾ !ਭਗਵੰਤ ਮਾਨ ਦੀ ਬੌਖਲਾਹਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਬੁਲੰਦ ਹੌਂਸਲੇ ਦੇਖ ਘਬਰਾ ਗਿਆ ਹੈ