ਫੂਲਕਾ ਦੇ ਅਸਤੀਫ਼ੇ ਮਗਰੋਂ ਅਕਾਲੀਆਂ ਨੇ ਵਿਰੋਧੀ ਧਿਰ ਹਾਸਲ ਕਰਨ ਲਈ ਜ਼ੋਰ ਅਜ਼ਮਾਇਸ਼ ਸ਼ੁਰੂ
ਏਬੀਪੀ ਸਾਂਝਾ | 09 Aug 2019 05:39 PM (IST)
ਬਿਕਰਮ ਮਜੀਠੀਆ ਨੇ ਕਿਹਾ ਕਿ ਫੂਲਕਾ ਨੇ 10 ਮਹੀਨੇ ਪਹਿਲਾਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ, ਪਰ ਸਪੀਕਰ ਨੇ ਇੰਨਾ ਸਮਾਂ ਦੇਰੀ ਕਿਉਂ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਤੇ ਵਿਧਾਨ ਸਭਾ ਦੇ ਸਪੀਕਰ ਨੇ ਸੰਵਿਧਾਨ ਦਾ ਮਜ਼ਾਕ ਬਣਾਇਆ ਹੋਇਆ ਹੈ।
ਚੰਡੀਗੜ੍ਹ: 'ਆਪ' ਦੀ ਵਿਧਾਨ ਸਭਾ ਵਿੱਚ ਘਟਦੀ ਪਕੜ ਤੋਂ ਬਾਅਦ ਅਕਾਲੀ ਦਲ ਨੇ ਵਿਰੋਧੀ ਧਿਰ ਦੀ ਕੁਰਸੀ ਹਾਸਲ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਹਰਵਿੰਦਰ ਸਿੰਘ ਫੂਲਕਾ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੇ ਸਪੀਕਰ ਅਤੇ ਕਾਂਗਰਸ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਅਸਤੀਫ਼ੇ ਪ੍ਰਵਾਨ ਕਰਨ 'ਚ ਦੇਰੀ ਅਤੇ ਅਸਤੀਫ਼ਾ ਦੇਣ ਵਾਲਿਆਂ ਨੂੰ ਸਹੂਲਤਾਂ ਦੇਣ 'ਤੇ ਸਰਕਾਰ ਨੂੰ ਘੇਰਿਆ। ਬਿਕਰਮ ਮਜੀਠੀਆ ਨੇ ਕਿਹਾ ਕਿ ਫੂਲਕਾ ਨੇ 10 ਮਹੀਨੇ ਪਹਿਲਾਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ, ਪਰ ਸਪੀਕਰ ਨੇ ਇੰਨਾ ਸਮਾਂ ਦੇਰੀ ਕਿਉਂ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਤੇ ਵਿਧਾਨ ਸਭਾ ਦੇ ਸਪੀਕਰ ਨੇ ਸੰਵਿਧਾਨ ਦਾ ਮਜ਼ਾਕ ਬਣਾਇਆ ਹੋਇਆ ਹੈ। ਅਕਾਲੀ ਲੀਡਰ ਨੇ ਸਵਾਲ ਕੀਤਾ ਕਿ 10 ਮਹੀਨੇ ਤਕ ਅਸਤੀਫ਼ਾ ਦਿੱਤੇ ਇੱਕ ਵਿਧਾਇਕ ਦੀ ਤਨਖ਼ਾਹ ਅਤੇ ਭੱਤੇ ਲਗਾਤਾਰ ਉਸ ਤਕ ਪਹੁੰਚਦੇ ਰਹੇ ਆਖਿਰਕਾਰ ਜ਼ਿੰਮੇਵਾਰ ਕੌਣ? ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਆਖਿਰਕਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਹੋਏ ਅਸਤੀਫਿਆਂ ਨੂੰ ਕਿਉਂ ਨਹੀਂ ਮਨਜ਼ੂਰ ਕੀਤਾ ਜਾ ਰਿਹਾ। ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਤੇ ਮਾਸਟਰ ਬਲਦੇਵ ਸਿੰਘ ਲੋਕ ਸਭਾ ਦੀਆਂ ਚੋਣਾਂ ਕਿਸੇ ਨਵੀਂ ਪਾਰਟੀ ਵੱਲੋਂ ਲੜ ਚੁੱਕੇ ਹਨ ਅਤੇ ਸਪੀਕਰ ਅਸਤੀਫ਼ਿਆਂ 'ਤੇ ਫੈਸਲਾ ਨਹੀਂ ਸੁਣਾ ਰਹੇ।