Bikram Mjithia: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਤੇ ਮੋਨੂੰ ਮਾਨੇਸਰ ਨਾਲ ਉਸ ਦੀ ਗੱਲਬਾਤ ਦੀ ਵੀਡੀਓ ਸਾਹਮਣੇ ਆਈ ਹੈ। ਮੋਨੂੰ ਮਾਨੇਸਰ ਉਪਰ ਫਿਰਕੂ ਦੰਗੇ ਫੈਲਾਉਣ ਦਾ ਇਲਜ਼ਾਮ ਹੈ। ਉਸ ਨਾਲ ਲਾਰੈਂਸ ਦਾ ਵੀਡੀਓ ਕਾਲ ਹੋਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਦੇ ਡਾ. ਅਵਤਾਰ ਨੂੰ ਗਨਮੈਨ ਦਿੱਤੇ ਗਏ ਕਿਉਂਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਉਸ ਡਾਕਟਰ ਤੋਂ ਫਿਰੌਤੀ ਮੰਗ ਰਹੇ ਸੀ। ਇਸ ਲਈ ਬੁਲੇਟ ਪਰੂਫ ਗੱਡੀਆਂ ਲੈਣੀਆਂ ਪਈਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਹਾਈ ਸਿਕਿਊਰਿਟੀ ਜੇਲ੍ਹਾਂ ਦਾ ਇਹ ਹਾਲ ਹੈ। ਲਾਰੈਂਸ ਬਿਸ਼ਨੋਈ ਨੂੰ ਚੀਫ ਗੈਸਟ ਬਣਾ ਕੇ ਰੱਖਿਆ ਹੋਇਆ ਹੈ। ਇਸ ਬਾਰੇ ਭਗਵੰਤ ਮਾਨ ਕੋਲ ਕੋਈ ਜਵਾਬ ਨਹੀਂ।
ਮਜੀਠੀਆ ਨੇ ਕਿਹਾ ਕਿ ਗ੍ਰਹਿ ਵਿਭਾਗ ਸੀਐਮ ਭਗਵੰਤ ਮਾਨ ਕੋਲ ਹੈ, ਪਰ ਉਨ੍ਹਾਂ ਕੋਲ ਕੋਈ ਜਵਾਬ ਨਹੀਂ। ਉਨ੍ਹਾਂ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਕੋਲੋਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾਏ। ਕੇਂਦਰ ਸਰਕਾਰ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲਵੇ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੱਕ ਹੋਰ ਵੀਡੀਓ ਕਾਲ ਵਾਇਰਲ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਹਰਿਆਣਾ ਵਿੱਚ ਨੂਹ ਹਿੰਸਾ ਦਾ ਮੁੱਖ ਦੋਸ਼ੀ ਮੋਨੂੰ ਮਾਨੇਸਰ ਹੈ। ਇਸ ਵੀਡੀਓ ਕਾਲ 'ਚ ਇੱਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ, ਜੋ ਲਾਰੈਂਸ ਦੇ ਨਾਲ ਹੀ ਬੈਠਾ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਅੰਦਰੋਂ ਹੀ ਆਪਣੀ ਨੈੱਟਵਰਕ ਚਲਾ ਰਿਹਾ ਹੈ। ਇਸ ਬਾਰੇ ਉਸ ਨੇ ਖੁਦ ਹੀ ਜੇਲ੍ਹ ਅੰਦਰੋਂ ਇੰਟਰਵਿਊ ਦੇ ਕੇ ਦਾਅਵਾ ਕੀਤਾ ਸੀ। ਇਸ ਦੇ ਬਾਵਜੂਦ ਅੱਜ ਤੱਕ ਲਾਰੈਂਸ ਬਿਸ਼ਨੋਈ ਖਿਲਾਫ ਕੋਈ ਸਖਤੀ ਨਹੀਂ ਹੋਈ। ਸਿੱਧੂ ਮੂਸੇਵਾਲਾ ਦੇ ਮਾਪੇ ਵੀ ਇਲਜ਼ਾਮ ਲਾ ਰਹੇ ਹਨ ਕਿ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਵੱਲੋਂ ਵੀਆਈਪੀ ਟਰੀਟਮੈਂਟ ਦਿੱਤਾ ਜਾਂਦਾ ਹੈ। ਜੇਲ੍ਹਾਂ ਵਿੱਚ ਵੀ ਉਹ ਆਪਣੇ ਸਾਥੀਆਂ ਨੂੰ ਕਾਲ ਕਰਦਾ ਰਹਿੰਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਆਖਰ ਲਾਰੈਂਸ ਬਿਸ਼ਨੋਈ ਦਾ ਆਕਾ ਕੌਣ ਹੈ, ਜਿਸ ਕਰਕੇ ਕੋਈ ਵੀ ਅਫਸਰ ਉਸ ਨੂੰ ਹੱਥ ਪਾਉਣ ਤੋਂ ਡਰਦਾ ਹੈ।