Mining Mafia Expose: ਪੰਜਾਬ 'ਚ ਰੇਤ ਮਾਫ਼ੀਆ ਦੀਆਂ ABP News ਦੀ ਰਿਪੋਰਟ ਵਿੱਚ ਖੋਲ੍ਹੀਆਂ ਪਰਤਾਂ ਦਾ ਅਸਰ ਸਰਕਾਰੀ ਦਰਬਾਰ ਤੱਕ ਪਹੁੰਚਿਆ। ਮਾਈਨਿੰਗ ਵਿਭਾਗ ਗੁਰਮੀਤ ਸਿੰਘ ਮੀਤ ਹੇਅਰ ਤੋਂ ਖੋਹ ਕੇ ਚੇਤਨ ਸਿੰਘ ਜੌੜਾ ਮਾਜ਼ਾਰ ਨੂੰ ਦੇ ਦਿੱਤਾ ਗਿਆ। ਜਿਸ 'ਤੇ ਹੁਣ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਹਨ। 


ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਗੈਰ-ਕਾਨੂੰਨੀ ਮਾਈਨਿੰਗ ਦਾ ਰੌਲਾ ਪੈਂਦਾ ਹੈ ਤਾਂ ਕਾਰਵਾਈ ਕਰਨ ਦੀ ਥਾਂ ਸੀਐਮ ਭਗਵੰਤ ਮਾਨ ਮੰਤਰੀ ਬਦਲ ਦਿੰਦੇ ਹਨ। ਮਜੀਠੀਆ ਨੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੂਰਾ ਪਰਿਵਾਰ ਸ਼ਾਮਲ ਹੈ, ਉਹਨਾਂ ਦੇ ਖਿਲਾਫ਼ ਹਾਲੇ ਤੱਕ ਕਾਰਵਾਈ ਨਹੀਂ ਕੀਤੀ। 


ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ਕਿ -  ਗੈਰ-ਕਾਨੂੰਨੀ ਮਾਈਨਿੰਗ 'ਚ ਮੰਤਰੀ ਏਨੇ ਫੱਟੇ ਚੱਕ ਰਹੇ ਨੇ ਕਿ ਹਰ 6 ਮਹੀਨੇ 'ਚ ਮੰਤਰੀ ਬਦਲਣਾ ਪੈ ਰਿਹਾ। ਗੈਰ-ਕਾਨੂੰਨੀ ਮਾਈਨਿੰਗ ਦੇ ਖੁਲਾਸੇ ਤੋਂ ਬਾਅਦ ਮੰਤਰੀ ਨੂੰ ਬਦਲਣਾ CM ਖੁੱਦ ਰਾਜ ਦੇ ਜਲ ਸਰੋਤਾਂ ਦੀ ਚੋਰੀ ਨੂੰ ਸਵੀਕਾਰ ਕਰ ਰਿਹਾ ਹੈ। 
ਪਰ ਕਾਰਵਾਈ ਕੋਈ ਨਹੀਂ ਕੀਤੀ ਕੀ ਇਹ ਸਭ CM ਦੀ ਮਿਲੀ ਭੁਗਤ ਨਾਲ ਹੋਰ ਰਿਹਾ ਹੈ ?


ਮੰਤਰੀ ਹਰਜੋਤ ਸਿੰਘ ਬੈਂਸ ਦਾ ਪਰਿਵਾਰ ਸ਼ਰ੍ਹੇਆਮ ਨਜਾਇਜ਼ ਮਾਇਨਿੰਗ ਵਿਚ ਸ਼ਾਮਲ ਹੈ। ਸਾਰੇ ਪੰਜਾਬੀ ਵੇਖ ਰਹੇ ਹਨ ਜਦੋਂ ਵੀ ਨਜਾਇਜ਼ ਮਾਇਨਿੰਗ ਦਾ ਰੌਲਾ ਪੈਂਦਾ ਹੈ ਤਾਂ ਮੰਤਰੀ ਬਦਲ ਦਿੰਦੇ ਹਨ CM ਭਗਵੰਤ ਮਾਨ ਸਾਹਬ ਪਰ ਦੋਸ਼ੀ ਮੰਤਰੀ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ? 


ਹੁਣ ਮਹਿਕਮਾ ਉਸ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਾਬ ਨੂੰ ਦੇ ਦਿੱਤਾ ਹੈ ਜਿਹਨਾਂ ਨੇ ਪਹਿਲਾਂ ਮੈਡੀਕਲ ਸਿੱਖਿਆ ਮੰਤਰੀ ਹੁੰਦਿਆਂਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਤਤਕਾਲੀ ਵਾਈਸ ਚਾਂਸਲਰ ਨਾਲ ਬਦਸਲੂਕੀ ਕੀਤੀ ਸੀ।


ਮੁੱਖ ਮੰਤਰੀ ਸਾਬ ਆਪਣੇ ਸਿਆਸੀ ਆਕਾ ਲਾਲਾ ਜੀ ਅਰਵਿੰਦ ਕੇਜਰੀਵਾਲ ਦੇ ਕਹੇ ਮੁਤਾਬਕ ਮਾਇਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਇਕੱਠੇ ਕਰਨ ਵਿਚ ਤਾਂ ਨਾਕਾਮ ਰਹੇ ਹਨ ਤੇ ਫੇਲ੍ਹ ਰਹੇ ਮੰਤਰੀ ਤੇ ਅਫਸਰਾਂ ਨੂੰ ਬਰਖ਼ਾਸਤ ਕਰਨ ਵਿਚ ਵੀ ਨਾਕਾਮ ਰਹੇ ਹਨ। ਯਾਦ ਰੱਖਿਓ CM ਸਾਹਬ ਜਵਾਬ ਦੇਣੇ ਪੈਣਗੇ। ਪੰਜਾਬ ਜਵਾਬ ਮੰਗਦਾ ਹੈ।



 


ਦਰਅਸਲ ਆਨੰਦਪੁਰ ਸਾਹਿਬ 'ਚ ਰੇਤ ਮਾਫ਼ੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜ਼ਬਤ ਕੀਤੀ ਹੋਈ ਜ਼ਮੀਨ 'ਤੇ ਹੀ ਗ਼ੈਰ ਕਾਨੂੰਨੀ ਮਾਈਨਿੰਗ ਕਰ ਦਿੱਤੀ ਹੈ। 25-25 ਫੁੱਟ ਤੱਕ ਖੇਤਾਂ 'ਚੋਂ ਟੋਏ ਪੱਟ ਦਿੱਤੇ ਹਨ। ਮਾਈਨਿੰਗ ਵੀ ਅਜਿਹੀ ਕੀਤੀ ਕਿ ਜ਼ਮੀਨ ਹੇਠਲਾ ਪਾਣੀ ਵੀ ਬਾਹਰ ਆ ਗਿਆ। ਇਸ ਬਾਰੇ ਨਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੁੱਝ ਪਤਾ ਲੱਗਿਆ ਤੇ ਨਾ ਹੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਦੀ ਜਾਣਕਾਰੀ ਮਿਲੀ ਹੈ। 



ਜਿਸ ਥਾਂ 'ਤੇ ਗ਼ੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ ਇਹ ਜ਼ਮੀਨ ਆਨੰਦਪੁਰ ਸਾਹਿਬ ਹਲਕੇ ਦੀ 142 ਕਨਾਲ ਹੈ ਯਾਨੀ 18 ਏਕੜ ਹੈ। ਇਹ ਜ਼ਮੀਨ 6000 ਕਰੋੜ ਦੇ ਅੰਤਰਰਾਸ਼ਟਰੀ ਡਰੱਗ ਦੇ ਸਰਗਨਾ ਜਗਦੀਸ਼ ਭੋਲਾ ਦੀ ਹੈ। ਜਿਸ ਨੂੰ ਈਡੀ ਨੇ ਜ਼ਬਤ ਕੀਤਾ ਸੀ।  7 ਸਾਲ ਪਹਿਲਾਂ ਈਡੀ ਨੇ ਇਸ ਜ਼ਮੀਨ 'ਤੇ ਕਾਰਵਾਈ ਕੀਤੀ ਸੀ ਅਤੇ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਮੌਕੇ 'ਤੇ ਜ਼ਮੀਨ ਦੀ ਹਾਲਤ ਦੇਖ ਕੇ ਇਵੇਂ ਲੱਗਦਾ ਹੈ ਕਿ ਰੇਤ ਮਾਫ਼ੀਆ ਕਾਫ਼ੀ ਲੰਬੇ ਸਮੇਂ ਤੋਂ ਇਸ ਜ਼ਮੀਨ 'ਚ ਮਾਈਨਿੰਗ ਕਰ ਰਿਹਾ ਹੈ।