Illegal Mining: ਪੰਜਾਬ ਵਿੱਚ ਲੰਬੇ ਸਮੇਂ ਤੋਂ ਨਜਾਇਜ਼ ਮਾਇਨਿੰਗ ਦਾ ਮੁੱਦਾ ਚਰਚਾ ਵਿੱਚ ਰਿਹਾ ਹੈ। ਹਰ ਸਰਕਾਰ ਵੱਲੋਂ ਇਸ ਨੂੰ ਰੋਕਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਅਸਲ ਸੱਚਾਈ ਲੋਕਾਂ ਦੇ ਸਾਹਮਣੇ ਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਮਾਇਨਿੰਗ  ਕਰਵਾਉਣ ਦੇ ਇਲਜ਼ਾਮ ਲਾਏ ਜਾ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਿੱਧਾ-ਸਿੱਧਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉੱਤੇ ਨਜਾਇਜ਼ ਮਾਇਨਿੰਗ ਕਰਵਾਉਣ ਦੇ ਇਲਜ਼ਾਮ ਲਾਏ ਹਨ।


ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਬੇਨਕਾਬ ਹੋਇਆ ਹਰਜੋਤ ਬੈਂਸ ਤੇ ਰੋਪੜ ਪ੍ਰਸ਼ਾਸਨ...1 ਕਿਲੋਮੀਟਰ ਲੰਬਾ ਅਨੰਦਪੁਰ ਸਾਹਿਬ ਪੁਲ ਜੋ 1986 ਵਿੱਚ 70 ਕਰੋੜ ਦੀ ਲਾਗਤ ਨਾਲ ਬਣਿਆ ਸੀ ਜੋ ਕਿ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਤਬਾਹ ਹੋਣ ਦੀ ਕਗਾਰ 'ਤੇ ਹੈ।






ਕਿੱਥੇ ਹੋ ਰਹੀ ਹੈ 20 ਹਜ਼ਾਰ ਕਰੋੜ ਦੀ ਕਮਾਈ


ਮਜੀਠੀਆ ਨੇ ਕਿਹਾ ਕਿ ਆਪ ਕਨਵੀਨਰ ਅਰਵਿੰਦਰ ਕੇਜਰੀਵਾਲ  ਨੇ 2022 ਦੀਆਂ ਪੰਜਾਬ ਚੋਣਾਂ ਦੌਰਾਨ ਦਾਅਵਾ ਕੀਤਾ ਸੀ ਕਿ ਉਹ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣਗੇ ਅਤੇ ਇਸ ਤੋਂ 20 ਹਜ਼ਾਰ ਕਰੋੜ ਰੁਪਏ ਕਮਾਉਣਗੇ। ਉਨ੍ਹਾਂ ਦੇ ਸਾਰੇ ਦਾਅਵੇ ਠੁੱਸ ਹੋ ਗਏ ਹਨ ਤੇ  ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦਾ ਪਰਿਵਾਰ  ਤੇ ਵਿਧਾਇਕ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਹਨ। ਐਸਐਸਪੀ ਵਿਵੇਕਸ਼ੀਲ ਸੋਨੀ ਦਾ ਮੋਗਾ ਦੇ ਐਸਐਸਪੀ ਵਜੋਂ ਤਬਾਦਲਾ ਕਰਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਹਰਜੋਤ ਬੈਂਸ ਦੇ ਇਸ ਧੜੇ ਦਾ ਹਿੱਸਾ ਹੈ।


ਜੇ ਇਹ ਪੁਲ਼ ਢਹਿ ਗਿਆ ਤਾਂ...


ਅਕਾਲੀ ਲੀਡਰ ਨੇ ਕਿਹਾ ਕਿ ਜੇਕਰ ਇਹ ਪੁਲ ਢਹਿ ਜਾਂਦਾ ਹੈ, ਤਾਂ ਇਸਨੂੰ ਦੁਬਾਰਾ ਬਣਾਉਣ ਦਾ ਸਾਰਾ ਖਰਚਾ ਇਨ੍ਹਾਂ ਵਿਅਕਤੀਆਂ ਤੋਂ ਹੀ ਲਿਆ ਜਾਣਾ ਚਾਹੀਦਾ ਹੈ। ਇਹ ਕਦੋਂ ਰੁਕਣਗੇ ਮੁੱਖ ਮੰਤਰੀ ਭਗਵੰਤ ਮਾਨ ਜੀ? ਪੰਜਾਬ ਦੀ ਇਸ ਖੁੱਲ੍ਹੀ ਲੁੱਟ ਨੂੰ ਰੋਕਣ ਲਈ ਤੁਸੀਂ ਕਦੋਂ ਕੰਮ ਸ਼ੁਰੂ ਕਰੋਗੇ?