Punjab News: ਪੰਜਾਬ ਵਿੱਚ ਘਰ ਅਤੇ ਵਾਹਨਾਂ ਦਾ ਕਰਜ਼ਾ ਲੈਣਾ ਹੋਰ ਮਹਿੰਗਾ ਹੋ ਗਿਆ ਹੈ, ਕਿਉਂਕਿ ਸਰਕਾਰ ਨੇ ਸਬੰਧਤ ਬੈਂਕਾਂ ਜਾਂ ਲੋਨ-ਕ੍ਰੈਡਿਟ ਕੰਪਨੀਆਂ ਦੁਆਰਾ ਮਨਜ਼ੂਰ ਕੀਤੇ ਗਏ ਕਰਜ਼ਿਆਂ 'ਤੇ 0.25% ਸਟੈਂਪ ਡਿਊਟੀ ਲਗਾਉਣ ਦੀ ਇਜਾਜ਼ਤ ਦੇਣ ਵਾਲੇ ਐਕਟ ਨੂੰ ਅਧਿਸੂਚਿਤ ਕੀਤਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਕਰ ਲਓ ਘਿਓ ਨੂੰ ਭਾਂਡਾ....ਆਪ ਮੁਖੀ ਅਰਵਿੰਦ ਕੇਜਰੀਵਾਲ ਦੀ ਦਿਨ ਰਾਤ ਸੇਵਾ ਵਿਚ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਸਾਬ ਨੇ ਪੰਜਾਬ ਵਿਚ ਆਪਣਾ ਮਕਾਨ ਲੈਣ ਜਾਂ ਫਿਰ ਆਪਣੇ ਲਈ ਵਾਹਨ ਖਰੀਦਣ ’ਤੇ ਵੀ ਟੈਕਸ ਠੋਕ ਦਿੱਤਾ ਹੈ।
ਮਜੀਠੀਆ ਨੇ ਕਿਹਾ ਕਿ ਪੈਸਾ ਬੈਂਕਾਂ ਦਾ, ਵਿਆਜ਼ ਦੇਣ ਵਾਲਾ ਕਰਜ਼ਦਾਰ ਤੇ ਟੈਕਸ ਪੰਜਾਬ ਦੇ ਵਸਨੀਕਾਂ ਸਿਰ, ਹੋਮ ਲੋਨ ਅਤੇ ਵਹੀਕਲ ਲੋਨ ’ਤੇ ਲੱਗੀ 0.25 ਫੀਸਦੀ ਅਸ਼ਟਾਮ ਡਿਊਟੀ, ਮੁਖ਼ਤਿਆਰਨਾਮਿਆਂ ਆਮ ਅਤੇ ਖਾਸ ’ਤੇ ਲੱਗੀ 2 ਫੀਸਦੀ ਅਸ਼ਟਾਮ ਡਿਊਟੀ।
ਮਜੀਠੀਆ ਨੇ ਤੰਜ ਕਸਦਿਆਂ ਕਿਹਾ ਕਿ ਅਖੇ ਆਪ ਸਰਕਾਰ ਨੂੰ ਮਿਲਣਗੇ 1000 ਕਰੋੜ ਰੁਪਏ। ਇਸ਼ਤਿਹਾਰਬਾਜ਼ੀ ’ਤੇ ਫੂਕੇ 1100 ਕਰੋੜ ਰੁਪਏ। ਕੇਜਰੀਵਾਲ ਸਾਬ ਦੇ ਸਪੈਸ਼ਲ ਜੈਟ ’ਤੇ ਫੂਕੇ 400 ਕਰੋੜ ਰੁਪਏ। ਸੋਸ਼ਲ ਮੀਡੀਆ ਟੀਮ ’ਤੇ ਫੂਕੇ 200 ਕਰੋੜ ਰੁਪਏ। 1700 ਕਰੋੜ ਰੁਪਏ ਫੂਕ ਕੇ 1000 ਕਰੋੜ ਰੁਪਏ। ਟੈਕਸ ਦੀ ਪੰਡ ਧਰ ’ਤੀ ਪੰਜਾਬੀਆਂ ਦੇ ਸਿਰ ਨਹੀਂ ਰੀਸਾਂ ਤੇਰੀਆਂ ਭਗਵੰਤ ਮਾਨਾਂ।
ਮਜੀਠੀਆ ਨੇ ਕਿਹਾ ਕਿ ਦਿਨ ਬ ਦਿਨ ਜਿਹੜੀ ਤੁਸੀਂ ਅੱਤ ਚੁੱਕੀ ਹੈ ਲੋਕ ਵੀ ਅੱਡੀਆਂ ਚੁੱਕ ਕੇ ਦਿਨ ਉਡੀਕ ਰਹੇ ਨੇ ਚੋਣਾਂ ਵਾਲੇ। ਹਰ ਚੀਜ਼ ਦਾ ਲੈਣਗੇ ਹਿਸਾਬ। ਭਗਵੰਤ ਮਾਨ ਜੀ ਕੁਝ ਤਾਂ ਹੋਸ਼ ਵਿਚ ਆਓ, ਕਿਉਂ ਪੰਜਾਬ ਤੇ ਪੰਜਾਬੀਆਂ ਨੂੰ ਡੋਬਣ ’ਤੇ ਤੁਲੇ ਹੋ...ਸ਼ਰਮ ਕਰੋ, ਸ਼ਰਮ ਕਰੋ।
ਜ਼ਿਕਰ ਕਰ ਦਈਏ ਕਿ ਪੰਜਾਬ ਵਿਧਾਨ ਸਭਾ ਨੇ ਨਵੰਬਰ ਵਿੱਚ ਆਪਣੇ ਮਾਨਸੂਨ ਸੈਸ਼ਨ ਵਿੱਚ ਦੋ ਬਿੱਲ ਪਾਸ ਕੀਤੇ, ਜਿਸ ਵਿੱਚ ਭਾਰਤੀ ਸਟੈਂਪ (ਪੰਜਾਬ ਸੋਧ) ਬਿੱਲ, 2023 ਸ਼ਾਮਲ ਹੈ, ਜਿਸ ਵਿੱਚ ਘਰੇਲੂ ਅਤੇ ਵਾਹਨਾਂ ਦੇ ਕਰਜ਼ਿਆਂ 'ਤੇ 0.25% ਸਟੈਂਪ ਡਿਊਟੀ ਲਗਾਉਣ ਸ਼ਾਮਲ ਹੈ।