Punjab News: ਪੰਜਾਬ ਵਿੱਚ ਮੁੱਖ ਮੰਤਰੀ ਦੇ ਹਵਾਈ ਝੂਟਿਆਂ 'ਤੇ ਵਿਰੋਧੀ ਧਿਰਾਂ ਸਵਾਲ ਖੜ੍ਹੇ ਕਰ ਰਹੀਆਂ ਹਨ। ਇਹ ਮੁੱਖ ਮੰਤਰੀ ਪੰਜਾਬ ਦਾ ਨਹੀਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਤੰਜ ਕਸਦਿਆਂ ਕਿਹਾ ਕਿ ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ ਸਾਬ
ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਲਾਲਾ ਜੀ ਅਰਵਿੰਦ ਕੇਜਰੀਵਾਲ ਦੇ ਸਪੈਸ਼ਲ ਜੈਟ ’ਤੇ ਸਫਰ ਦਾ ਖਰਚਾ ਪੰਜਾਬ ਕਿਉਂ ਚੁੱਕ ਰਿਹਾ ਹੈ ? ਭਗਵੰਤ ਮਾਨ ਜੀ, ਇਸ ਗੱਲ ਦਾ ਜਵਾਬ ਪੰਜਾਬੀ ਮੰਗ ਰਹੇ ਹਨ...ਕੀ ਦਸਤਾਵੇਜ਼ਾਂ ਵਿਚ ਇਹੀ ਲਿਖ ਰਹੇ ਹੋ ਕਿ ਸੁਪਰ ਸੀ ਐਮ ਦੇ ਸਫਰ ਦਾ ਖ਼ਰਚਾ ਹੈ? 50 ਕਰੋੜ ਰੁਪਏ ਰੋੜ ਦਿੱਤੇ ਲਾਲਾ ਜੀ ਦੀ ਖੁਸ਼ਾਮਦ ’ਤੇ...ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ ਸਾਬ
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਟਵੀਟ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ - ਪੰਜਾਬ ਦੀ ਵਿਗੜਦੀ ਆਰਥਿਕ ਸਥਿਤੀ ਦੇ ਬਾਵਜੂਦ ਭਗਵੰਤ ਮਾਨ ਸਰਕਾਰ, ਪੰਜਾਬ ਦੇ ਖਜ਼ਾਨੇ ਨੂੰ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਈ ਜਹਾਜ਼ ਰਾਹੀਂ ਚੋਣ ਪ੍ਰਚਾਰ ਕਰਨ ਲਈ ਵਰਤ ਰਹੀ ਹੈ। ਲਗਭਗ 50 ਕਰੋੜ ਰੁਪਏ ਖਰਚ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਕੀ ਪੰਜਾਬ ਦਾ ਖਜ਼ਾਨਾ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਲੁਟਾਇਆ ਜਾ ਰਿਹਾ ਹੈ?