Politics on deaths: ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਪੀੜਤਾਂ ਦੇ ਘਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ 302 ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਮੌਤਾਂ ਨਹੀਂ ਇਹ ਕਤਲ ਹਨ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਾਧਿਆ ਹੈ।


ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੀੜਤ ਪਰਿਵਾਰ ਕੋਲ ਗਏ ਤਾਂ ਪੂਰੇ ਇਲਾਕੇ ਵਿੱਚ 1000 ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕਰਕੇ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਮਜੀਠੀਆ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੂੰ ਵੀ ਪਹਿਲਾਂ ਹੀ ਕਿਹਾ ਗਿਆ ਕਿ ਜੇ ਸਰਕਾਰੀ ਮਦਦ ਚਾਹੀਦੀ ਹੈ ਤਾਂ ਕੋਈ ਗ਼ਲਤ ਗੱਲ ਨਾ ਕੀਤੀ ਜਾਵੇ। ਪਰਿਵਾਰ ਵਾਲਿਆਂ ਉੱਤੇ ਦਬਾਅ ਬਣਾਇਆ ਗਿਆ ਕਿ ਤੁਸੀਂ ਕੋਈ ਵੀ ਅਸਲ ਗੱਲ ਸਾਹਮਣੇ ਨਹੀਂ ਰੱਖਣੀ।






ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਦੇ ਮੰਤਰੀ ਅਮਨ ਅਰੋੜਾ ਦਾ ਕਹਿਣਾ ਕਿ ਸ਼ਰਾਬ ਸਰਕਾਰੀ ਠੇਕੇ ਤੋਂ ਖਰੀਦ ਕੇ ਪੀਤੀ ਹੁੰਦੀ ਤਾਂ ਸਰਕਾਰ ਜ਼ਿੰਮੇਵਾਰ ਹੁੰਦੀ। ਮਜੀਠੀਆ ਨੇ ਕਿਹਾ ਕਿ ਇਹੋ ਜਿਹੇ ਬਿਆਨ ਦੇ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।


ਮਜੀਠੀਆ ਨੇ ਇਲਜ਼ਾਮ ਲਾਉਂਦਿਆ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲੇ ਸੰਗਰੂਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਵਿੱਕਰੀ ਕਿ ਪੁਲਿਸ ਪ੍ਰਸ਼ਾਸਨ ਤੇ ਰਾਜਨੀਤਕ ਲੀਡਰਾਂ ਦੀ ਰਹਿਨੁਮਾਈ ਤੋਂ ਬਿਨਾਂ ਹੋ ਰਹੀ ਸੀ?


ਇਸ ਦੇ ਨਾਲ ਹੀ ਕਿਹਾ ਕਿ ਜਦੋਂ ਕਾਂਗਰਸ ਦੇ ਰਾਜ ਵੇਲੇ ਤਰਨਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਸਨ ਉਸ ਸਮੇਂ ਤੇ ਭਗਵੰਤ ਮਾਨ ਜੀ ਤੁਸੀਂ ਕਤਲ ਦੇ ਪਰਚੇ ਦਰਜ ਕਰਨ ਦੀ ਮੰਗ ਕਰਦੇ ਸੀ ਅਤੇ CBI ਤੋਂ ਜਾਂਚ ਦੀ ਮੰਗ ਕਰਦੇ ਸੀ। ਹੁਣ ਤੁਹਾਡੀ ਆਪਣੀ ਸਰਕਾਰ ਹੈ ਕਾਰਵਾਈ ਕਿਉਂ ਨਹੀ ਕਰ ਰਹੇ? ਮਜੀਠੀਆ ਨੇ ਕਿਹਾ ਕਿ ਇਸ ਮਾਮਲੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।


ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਦਿੱਲੀ ਸ਼ਰਾਬ ਘਪਲੇ ਦੀ ਜਾਂਚ ਕੀਤੀ ਹੈ ਉਸ ਤਰ੍ਹਾਂ ਹੀ ਇਸ ਦੀ ਪੰਜਾਬ ਵਿੱਚ ਵੀ ਜਾਂਚ ਕੀਤੀ ਜਾਵੇ ਕਿਉਂਕਿ ਦਿੱਲੀ ਵਾਲੇ ਚੋਰ ਹੀ ਪੰਜਾਬ ਵਿੱਚ ਆਏ ਹਨ। ਜੇ ਦਿੱਲੀ ਵਾਲੇ ਚੋਰ ਤਾਂ ਪੰਜਾਬ ਵਾਲੇ ਸਾਧ ਕਿਵੇਂ ਹੋ ਗਏ ?