Punjab News: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ 2025 ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਬਾਅਦ ਉਹ ਹੁਣ ਤੱਕ ਨਾਭਾ ਦੀ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹਨ। ਇਹ ਗ੍ਰਿਫ਼ਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਹੈ। ਇਸ ਤੋਂ ਬਾਅਦ ਸਰਕਾਰ ਇਸ ਨੂੰ ਨਸ਼ੇ ਦੇ ਖ਼ਿਲਾਫ਼ ਵੱਡੀ ਕਾਰਵਾਈ ਕਹਿ ਰਹੀ ਹੈ ਪਰ ਅਕਾਲੀ ਦਲ ਦੇ ਲੀਡਰ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਕਹਿ ਰਹੇ ਹਨ ਪਰ ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਖ਼ੁਲਾਸਾ ਹੋਇਆ ਹੈ।

ਇਸ ਮਾਮਲੇ ਨੂੰ ਲੈ ਕੇ ਹੁਣ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੋਹਾਲੀ ਦੀ ਸਪੈਸ਼ਲ ਕੋਰਟ ਵਿੱਚ ਦਰਖਾਸਤ ਦਿੱਤੀ ਗਈ ਹੈ ਕਿ ਇਸ ਮਾਮਲੇ ਦੀ ਸੁਣਵਾਈ ਮੀਡੀਆ ਦੇ ਸਾਹਮਣੇ ਹੋਣੀ ਚਾਹੀਦੀ ਹੈ ਤੇ ਇਸ ਮਾਮਲੇ ਦੀ ਸੁਣਵਾਈ ਲਾਈਵ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਇਹ ਜਾਣਨਾ ਚਾਹੁੰਦੇ ਹਨ ਕਿ ਆਖ਼ਰ ਇਸ ਮਾਮਲੇ ਵਿੱਚ ਸੁਣਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ NDPS ਦਾ ਕੇਸ ਨਹੀਂ ਹੈ ਤੇ ਨਾ ਹੀ ਕੋਈ ਜ਼ਮੀਨ ਮਿਲੀ ਹੈ ਤੇ ਨਾ ਹੀ 540 ਕਰੋੜ ਰੁਪਏ ਦਾ ਕੋਈ ਸਬੂਤ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਜਨਤਕ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਸਾਹਮਣੇ ਇਸ ਮਾਮਲੇ ਦੀ ਹਰ ਸੱਚਾਈ ਆਵੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ 16 ਪੇਜਾਂ ਦਾ ਅਦਾਲਤ ਵਿੱਚ ਇੱਕ ਜਵਾਬ ਦਾਇਰ ਕੀਤਾ ਹੈ ਜਿਸ ਵਿੱਚ ਸਿਰਫ਼ 13 ਪੇਜ ਇਸ ਗੱਲ ਉੱਤੇ ਹਨ ਕਿ ਬਿਕਰਮ ਸਿੰਘ ਮਜੀਠੀਆ ਸਾਨੂੰ ਡਰਾਉਂਦਾ ਧਮਕਾਉਂਦਾ ਦਾ ਹੈ ਤੇ ਮੁੱਛਾ ਤਾਂਹ ਨੂੰ ਰੱਖਦਾ ਹੈ ਤੇ ਪੱਟਾਂ ਉੱਤੇ ਥਾਪੀ ਮਾਰਦਾ ਹੈ, ਇਹ ਬਾਹਰ ਆ ਕੇ ਡਰਾਏਗਾ ਧਮਕਾਏਗਾ।

ਉਨ੍ਹਾਂ ਕਿਹਾ ਕਿ ਮਜੀਠੀਆ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ ਹੈ, ਤੁਸੀਂ ਆਪਣੇ ਗ਼ਲਤ ਫੈਸਲੇ ਤੇ ਆਪਣੀਆਂ ਕਰਤੂਤਾਂ ਕਰਕੇ ਡਰਦੇ ਹੋ ਕਿ ਮਜੀਠੀਆ ਬਾਹਰ ਆ ਕੇ ਤੁਹਾਡਾ ਪਰਦਾਫਾਸ਼ ਕਰ ਦੇਵੇਗਾ। ਸਰਕਾਰ ਨੇ ਮਜੀਠੀਆ ਦੇ ਖ਼ਿਲਾਫ਼ ਇੱਕ ਵੀ ਸਬੂਤ ਪੇਸ਼ ਨਹੀਂ ਕੀਤਾ ਹੈ।