MLA Gurpreet Gogi: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਵਿਚ ਬੁੱਢੇ ਨਾਲੇ ਦੀ ਸਫਾਈ ਵਾਸਤੇ ਲਗਾਇਆ ਗਿਆ ਜਾਅਲੀ ਨੀਂਹ ਪੱਥਰ ਤੋੜਨ ’ਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ਲਾਘਾ ਕੀਤੀ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸਸਤੀ ਤੇ ਘਟੀਆ ਰਾਜਨੀਤੀ ਕਰ ਰਹੀ ਹੈ।

Continues below advertisement


ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਵਾਸਤੇ 650 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਕਰੀਬਨ ਡੇਢ ਸਾਲ ਪਹਿਲਾਂ ਰੱਖਿਆ ਸੀ। ਉਹਨਾਂ ਕਿਹਾ ਕਿ ਵਿਧਾਇਕ ਨੇ ਮਹਿਸੂਸ ਕਰ ਲਿਆ ਕਿ ਪਿਛਲੇ ਡੇਢ ਸਾਲਾਂ ਤੋਂ ਬੁੱਢੇ ਨਾਲੇ ਦੀ ਸਫਾਈ ਵਾਸਤੇ ਇਕ ਵੀ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਹੋਰ ਪ੍ਰਾਜੈਕਟਾਂ ਦੇ ਰੱਖੇ ਨੀਂਹ ਪੱਥਰ ਵੀ ਹਾਲੇ ਤੱਕ ਕੰਮ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਹਨ।


ਮਜੀਠੀਆ ਨੇ ਕਿਹਾ ਕਿ ਪੰਜਾਬੀ ਪਹਿਲਾਂ ਹੀ ਆਪ ਸਰਕਾਰ ਵੱਲੋਂ ਠੱਗਿਆ ਮਹਿਸੂਸ ਕਰ ਰਹੇ ਹਨ ਜਿਸਨੇ ਝੂਠੇ ਤੇ ਬੇਬੁਨਿਆਦ ਦਾਅਵੇ ਕੀਤੇ ਹਨ ਤੇ ਉਹ ਇਸ਼ਤਿਹਾਰਬਾਜ਼ੀ ’ਤੇ ਇਕ ਹਜ਼ਾਰ ਕਰੋੜ ਰੁਪਏ ਸਾਲਾਨਾ ਖਰਚ ਰਹੀ ਹੈ ਜਦੋਂ ਕਿ ਜ਼ਮੀਨੀ ਪੱਧਰ ’ਤੇ ਕੰਮ ਵਾਸਤੇ ਇਕ ਫੁੱਟੀ ਕੌਡੀ ਵੀ ਖਰਚ ਨਹੀਂ ਕੀਤੀ ਗਈ।


 



ਉਹਨਾਂ ਕਿਹਾ ਕਿ ਹੁਣ ਆਪ ਦੇ ਵਿਧਾਇਕਾਂ ਸਮੇਤ ਇਸਦੀ ਲੀਡਰਸ਼ਿਪ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਨੂੰ ਅਗਲੇ ਦੋ ਸਾਲਾਂ ਬਾਅਦ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਦੱਸਣਾ ਪਵੇਗਾ ਕਿ ਵੱਡੇ-ਵੱਡੇ ਨੀਂਹ ਪੱਥਰ ਰੱਖਣ ਦੇ ਬਾਵਜੂਦ ਵੀ ਕੋਈ ਕੰਮ ਕਿਉਂ ਨਹੀਂ ਹੋਇਆ।


ਮਜੀਠੀਆ ਨੇ ਕਿਹਾ ਕਿ ਇਹ ਹੋਰ ਆਪ ਵਿਧਾਇਕਾਂ ਲਈ ਢੁਕਵਾਂ ਸਮਾਂ ਹੈ ਜਦੋਂ ਉਹ ਸੱਚ ਕਬੂਲ ਕਰਨ ਅਤੇ ਅਜਿਹੇ ਝੂਠੇ ਨੀਂਹ ਪੱਥਰ ਤੋੜ ਸੁੱਟਣ। ਉਹਨਾਂ ਕਿਹਾ ਕਿ ਜਾਅਲੀ ਇਸ਼ਤਿਹਾਰਬਾਜ਼ੀ ਨਾਲ ਆਪ ਸਰਕਾਰ ਨੂੰ ਕੱਖ ਵੀ ਹਾਸਲ ਹੋਣ ਵਾਲਾ ਨਹੀਂ ਤੇ ਅਖੀਰ ਨੂੰ ਪੰਜਾਬੀ ਆਪਣੀ ਵੋਟ ਦੀ ਤਾਕਤ ਦੇ ਬਲਬੂਤੇ ਇਸਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ।