Punjab News: ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਹੋਇਆ ਸੀ ਤੇ ਉਨ੍ਹਾਂ ਨੇ 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ ਸੀ। ਇਸ ਦੌਰਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਸਾਬਕਾ ਮੁੱਖ ਮੰਤਰੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਰਵੇਸ਼ ਸਿਆਸਤਦਾਨ ਫ਼ਖਰ-ਏ-ਕੌਮ, ਭਾਈਚਾਰਕ ਸਾਂਝ ਅਤੇ ਸ਼ਾਂਤੀ ਦਾ ਪ੍ਰਤੀਕ ਸਵ ਸ. ਪ੍ਰਕਾਸ਼ ਸਿੰਘ ਬਾਦਲ ਜੀ ਵਰਗੇ ਲੋਹ ਪੁਰਸ਼ ਦੀ ਕੋਈ ਥਾਂ ਨਹੀਂ ਲੈ ਸਕਦਾ। ਆਪਣੇ ਸਿਆਸੀ ਸਫ਼ਰ ਦੌਰਾਨ ਉਨ੍ਹਾਂ ਨਾਲ ਵਿਚਰਨਾ ਇੱਕ ਕਾਬਿਲ ਅਤੇ ਜ਼ਹੀਨ ਅਧਿਆਪਕ ਦੀ ਸੰਗਤ ਮਾਨਣਾ ਸੀ ਜਿਸ ਦੌਰਾਨ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਦੀ ਮੋਹਮੱਤੀ, ਪੰਜਾਬੀਅਤ ਰੰਗੀ ਬੇਦਾਗ਼ ਸਖਸ਼ੀਅਤ ਹਮੇਸ਼ਾ ਸੋਹਣੀਆਂ ਯਾਦਾਂ ਤੇ ਉਨ੍ਹਾਂ ਦੁਆਰਾ ਕੀਤੇ ਕਾਰਜਾਂ ਦੇ ਰੂਪ 'ਚ ਸਾਡੇ ਸਭ ਦੇ ਅੰਗ-ਸੰਗ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਮੈਂ ਬਾਦਲ ਸਾਹਬ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹੋਇਆ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।
ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੋਕ ਨਾਇਕ, ਪੰਜਾਬੀਅਤ ਦੇ ਮੁੱਦਈ, ਪੰਥ ਰਤਨ ਸਵ. ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਲਈ ਮੋਹ ਵਿੱਚ ਰੰਗੀ ਸਖਸ਼ੀਅਤ ਨੂੰ ਸਾਦਰ ਪ੍ਰਣਾਮ। ਭਾਰਤੀ ਸਿਆਸਤ ਦੇ ਬਾਬਾ ਬੋਹੜ ਸ. ਬਾਦਲ ਜੀ ਦੁਆਰਾ ਪੰਜਾਬ ਦੀ ਬਿਹਤਰੀ ਲਈ ਕੀਤੇ ਕੰਮਾਂ ਰਾਹੀਂ ਉਹ ਪੰਜਾਬੀਆਂ ਦੇ ਦਿਲਾਂ 'ਤੇ ਹਮੇਸ਼ਾ ਰਾਜ ਕਰਦੇ ਰਹਿਣਗੇ। ਆਉ ਅੱਜ ਸਦਭਾਵਨਾ ਦਿਵਸ ਮੌਕੇ ਬਾਦਲ ਸਾਹਬ ਦੀ ਸੋਚ ਨੂੰ ਅਪਣਾ ਕੇ ਆਪਸੀ ਭਾਈਚਾਰਕ ਸਾਂਝ ਅਤੇ ਪੰਜਾਬ ਦੀ ਬਿਹਤਰੀ ਤੇ ਵਿਕਾਸ ਲਈ ਡੱਟ ਕੇ ਮਿਹਨਤ ਕਰਨ ਦਾ ਪ੍ਰਣ ਲਈਏ।