ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸੰਗਰੂਰ ਜੇਲ੍ਹ ਤੋਂ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੰਗਰੂਰ ਲਿਆਂਦਾ ਗਿਆ ਸੀ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਨੂੰ ਕਰੀਬ 20 ਮਿੰਟਾਂ ਵਿੱਚ ਸੰਗਰੂਰ ਜੇਲ੍ਹ ਵਿੱਚ ਰੱਖਿਆ ਗਿਆ ਸੀ, ਉਸ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

 

ਬਿਕਰਮਜੀਤ ਸਿੰਘ ਮਜੀਠੀਆ ਸੰਗਰੂਰ ਜੇਲ੍ਹ ਪੁੱਜਣ ’ਤੇ ਸੰਗਰੂਰ ਤੋਂ ਅਕਾਲੀ ਦਲ ਬਸਪਾ ਦੇ ਉਮੀਦਵਾਰ ਜੀਤ ਸਿੰਘ ਗੋਲਡੀ ਉਨ੍ਹਾਂ ਨੂੰ ਮਿਲਣ ਸੰਗਰੂਰ ਜੇਲ੍ਹ ਪੁੱਜੇ। ਜੀਤ ਸਿੰਘ ਗੋਲਡੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਉਹ ਪੂਰੀ ਤਰ੍ਹਾਂ ਝੂਠੀ ਹੈ , ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਭ ਸਰਕਾਰਾਂ ਹੀ ਕਰਵਾ ਰਹੀਆਂ ਹਨ।

 

 ਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸੱਚ ਸਾਹਮਣੇ ਆ ਜਾਵੇਗਾ, ਪਹਿਲਾਂ ਵੀ ਵੱਡੇ-ਵੱਡੇ ਝੂਠੇ ਪਰਚੇ ਹੋਏ ਹਨ ਅਤੇ ਅਕਾਲੀ ਦਲ 'ਤੇ ਵੀ ਅਜਿਹਾ ਹੀ ਹੋਇਆ ਹੈ ਅਤੇ ਇਸੇ ਤਰ੍ਹਾਂ ਵਿਕਰਮਜੀਤ ਸਿੰਘ ਮਜੀਠੀਆ 'ਤੇ ਵੀ ਝੂਠਾ ਪਰਚਾ ਹੋਇਆ ਹੈ।

 

ਦਰਅਸਲ 'ਚ ਮੋਹਾਲੀ ਕੋਰਟ ਨੇ ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਜੂਡੀਸੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਹਾਲੇ ਕੋਰਟ ਵਿੱਚ ਰੈਗੂਲਰ ਬੇਲ ਉਤੇ ਸੁਣਵਾਈ ਹੋਣੀ ਬਾਕੀ ਹੈ। ਦੱਸਣਯੋਗ ਹੈ ਕਿ ਡਰੱਗ ਮਾਮਲੇ 'ਚ ਫਸੇ ਬਿਕਰਮ ਮਜੀਠੀਆ ਨੇ ਵੀਰਵਾਰ ਨੂੰ ਮੋਹਾਲੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ। ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਜੀਠੀਆ ਨੂੰ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦੇ ਤਹਿਤ ਇੱਕ ਅਪਰਾਧਿਕ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਸੁਰੱਖਿਆ ਦਿੱਤੀ ਗਈ ਸੀ, ਜੋ ਕਿ ਖਤਮ ਹੋ ਚੁੱਕੀ ਹੈ।