ਸ਼ੰਕਰ ਦੀ ਰਿਪੋਰਟ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠੀਆ ਨੂੰ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਚੋਣ ਮੈਦਾਨ ’ਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਮੈਦਾਨ 'ਚ ਉਤਰਾਰਿਆ ਗਿਆ ਹੈ। ਇਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ ਹੈ।  

 

ਬਿਕਰਮ ਮਜੀਠੀਆ ਇਸ ਵਾਰ ਦੋ ਸੀਟਾਂ 'ਤੇ ਵਿਧਾਨ ਸਭਾ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਨਵਜੋਤ ਸਿੱਧੂ ਖਿਲਾਫ ਮਜੀਠੀਆ ਨੂੰ ਮੈਦਾਨ 'ਚ ਉਤਾਰਿਆ ਹੈ। ਬਿਕਰਮ ਮਜੀਠੀਆ 2007 ਤੋਂ ਮਜੀਠਾ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ ਅਤੇ ਲਗਾਤਾਰ ਤਿੰਨੋਂ ਚੋਣਾਂ ਜਿੱਤ ਚੁੱਕੇ ਹਨ। ਹੁਣ ਅਕਾਲੀ ਦਲ ਨੇ ਮਜੀਠੀਆ ਨੂੰ ਦੋ ਸਰਕਲਾਂ ਭਾਵ ਮਜੀਠਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ।

 

ਸੁਖਬੀਰ ਬਾਦਲ ਨੇ ਕਿਹਾ ਨਵਜੋਤ ਸਿੱਧੂ ਹੰਕਾਰਿਆ ਹੋਇਆ, ਇਸ ਕਰਕੇ ਬਿਕਰਮ ਮਜੀਠੀਆ ਨੂੰ ਸਿੱਧੂ ਮੁਕਾਬਲੇ ਖੜੇ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਹੰਕਾਰ ਤੋੜਨਾ ਹੀ ਤੋੜਨਾ ਹੈ ਤੇ ਸਿੱਧੂ ਝੂਠੇ ਇਲਜਾਮ ਲਾਉੰਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦਾ ਹੈ ਹਲਕੇ 'ਚ ਪੀਣ ਵਾਲਾ ਪਾਣੀ ਨਹੀ। ਸਿੱਧੂ ਦੇ ਸਿਆਸੀ ਕੈਰੀਅਰ ਦਾ ਅੰਤ ਆ ਗਿਆ ਹੈ। ਸੁਖਬੀਰ ਨੇ ਕਿਹਾ ਝੂਠੇ ਪਰਚਿਆਂ ਨਾਲ ਕੁਝ ਨਹੀਂ ਹੁੰਦਾ। 

 

ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲੰਬੀ ਸੀਟ ਤੋਂ ਚੋਣ ਲੜਨਗੇ। 94 ਸਾਲਾ ਪ੍ਰਕਾਸ਼ ਸਿੰਘ ਬਾਦਲ ਲੰਬੀ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਹਨ , ਜਦਕਿ ਪਹਿਲਾਂ ਸਿਹਤ ਕਾਰਨਾਂ ਕਰਕੇ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਚੋਣ ਨਹੀਂ ਲੜਨ ਦੀਆਂ ਕਿਆਸ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 80 ਸੀਟਾਂ 'ਤੇ ਜਿੱਤ ਪ੍ਰਾਪਤ ਕਰਨਗੇ। ਸੁੱਖੀ ਰੰਧਾਵਾ, ਚੰਨੀ ਤੇ ਸਿੱਧੂ ਦੀਆਂ ਜਮਾਨਤਾਂ ਜਬਤ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਚੋਣਾਂ ਬਸਪਾ ਨਾਲ ਮਿਲ ਕੇ ਲੜ ਰਿਹਾ ਹੈ।

 

ਦੱਸ ਦੇਈਏ ਕਿ ਡਰੱਗਜ਼ ਮਾਮਲੇ 'ਚ ਮਜੀਠੀਆ ਦੀ ਅਗਾਊਂ ਜ਼ਮਾਨਤ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ, ਹੁਣ ਉਨ੍ਹਾਂ ਕੋਲ ਸੁਪਰੀਮ ਕੋਰਟ ਦਾ ਵਿਕਲਪ ਬਚਿਆ ਹੈ। ਹਾਈਕੋਰਟ ਨੇ ਮਜੀਠੀਆ ਨੂੰ ਸੁਪਰੀਮ ਕੋਰਟ ਜਾਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ।