ਅੰਮ੍ਰਿਤਸਰ: ਰਾਜਾਸਾਂਸੀ ਨਿਰੰਕਾਰੀ ਭਵਨ 'ਤੇ ਹਮਲੇ ਦੇ ਇਲਜ਼ਾਮ 'ਚ ਪੁਲਿਸ ਵੱਲੋਂ ਫੜੇ ਬਿਕਰਮਜੀਤ ਸਿੰਘ ਨੇ 'ਏਬੀਪੀ ਸਾਂਝਾ' 'ਤੇ ਵੱਡਾ ਖੁਲਾਸਾ ਕੀਤਾ ਹੈ। ਬਿਕਰਮ ਨੇ 'ਏਬੀਪੀ ਸਾਂਝਾ' ਦੇ ਕੈਮਰੇ 'ਤੇ ਹਮਲੇ ਦੌਰਾਨ ਉਸ ਦੇ ਤੇ ਉਸ ਦੇ ਸਾਥੀ ਦੇ ਰੋਲ ਬਾਰੇ ਗੱਲਬਾਤ ਕੀਤੀ।

ਪੁਲਿਸ ਵੱਲੋਂ ਜਦੋਂ ਗ੍ਰਨੇਡ ਹਮਲੇ ਦੇ ਮੁਲਜ਼ਮ ਬਿਕਰਮ ਨੂੰ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਉਸ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਸ ਨੇ ਭਵਨ ਦੇ ਗੇਟ 'ਤੇ ਖੜ੍ਹੇ ਲੋਕਾਂ ਨੂੰ ਪਿਸਤੌਲ ਦਿਖਾ ਕੇ ਰੋਕਿਆ ਸੀ। ਉਸ ਨੇ ਇਹ ਵੀ ਦੱਸਿਆ ਕਿ ਬੀਤੀ 13 ਨਵੰਬਰ ਨੂੰ ਉਨ੍ਹਾਂ ਨਿਰੰਕਾਰੀ ਭਵਨ ਦੀ ਰੇਕੀ ਵੀ ਕੀਤੀ ਸੀ।

ਮੁਲਜ਼ਮ ਬਿਕਰਮ ਨੇ ਦੱਸਿਆ ਕਿ ਉਸ ਨੇ ਗੇਟ 'ਤੇ ਪਿਸਤੌਲ ਦਿਖਾ ਕੇ ਲੋਕਾਂ ਨੂੰ ਰੋਕਿਆ ਤੇ ਅਵਤਾਰ ਨੇ ਅੰਦਰ ਜਾ ਕੇ ਗ੍ਰਨੇਡ ਸੁੱਟਿਆ। ਜਦ 'ਏਬੀਪੀ ਸਾਂਝਾ' ਨੇ ਉਸ ਨੂੰ ਪੁੱਛਿਆ ਕਿ ਉਸ ਵੱਲੋਂ ਵਰਤਿਆ ਪਿਸਤੌਲ ਉਸ ਕੋਲ ਕਿਵੇਂ ਆਇਆ ਤਾਂ ਉਸ ਨੇ ਦੱਸਿਆ ਕਿ ਇਹ ਅਵਤਾਰ ਨੂੰ ਪਤਾ ਹੈ ਕਿ ਉਹ ਪਿਸਤੌਲ ਕਿੱਥੋਂ ਆਈ ਸੀ।

ਜ਼ਿਕਰਯੋਗ ਹੈ ਕਿ ਬੀਤੀ 18 ਨਵੰਬਰ ਨੂੰ ਐਤਵਾਰ ਵਾਲੇ ਦਿਨ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਵਿੱਚ ਦੋ ਨੌਜਵਾਨਾਂ ਨੇ ਗ੍ਰਨੇਡ ਧਮਾਕਾ ਕਰ ਦਿੱਤਾ ਸੀ ਤੇ ਬਿਕਰਮ ਤੇ ਅਵਤਾਰ ਸਿਰ ਇਸ ਹਮਲੇ ਦਾ ਇਲਜ਼ਾਮ ਹੈ। ਬਿਕਰਮਜੀਤ ਦੀ ਗ੍ਰਿਫ਼ਤਾਰੀ ਬਾਰੇ ਬੀਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਸੱਦ ਕੇ ਜਾਣਕਾਰੀ ਦਿੱਤੀ ਸੀ, ਜਦਕਿ ਅਵਤਾਰ ਹਾਲੇ ਵੀ ਗ੍ਰਿਫ਼ਤ 'ਚੋਂ ਬਾਹਰ ਹੈ।

ਪੁਲਿਸ ਨੂੰ ਨਿਰੰਕਾਰੀ ਭਵਨ ਨੂੰ ਜਾਂਦੇ ਰਾਹ 'ਤੇ ਬਣੀ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਤੋਂ ਦੋਵਾਂ ਦੀ ਸੂਹ ਲੱਗੀ। ਪੁਲਿਸ ਨੇ ਹਮਲੇ ਦੌਰਾਨ ਵਰਤਿਆ ਗਿਆ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।