Bangladesh crisis: ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਨੇ ਬੰਗਲਾਦੇਸ਼ ਵਿਚ ਧਾਰਮਿਕ ਸਥਾਨਾਂ 'ਤੇ ਹਮਲਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਢਾਕਾ ਵਿਚ ਸਥਿਤ ਸਿੱਖ ਗੁਰਧਾਮਾਂ ਅਤੇ ਦੇਸ਼ ਵਿਚ ਹਿੰਦੂ ਮੰਦਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।


ਸਿੱਖਾਂ ਦੇ ਇਤਿਹਾਸਿਕ ਗੁਰੂਘਰ ਬੰਗਲਾਦੇਸ਼ ਵਿੱਚ ਸੁਸ਼ੋਬਿਤ


ਰਵਨੀਤ ਬਿੱਟੂ ਨੇ ਵਿਦੇਸ਼ ਮੰਤਰੀ ਨੂੰ ਇੱਕ ਅਧਿਕਾਰਤ ਪੱਤਰ ਲਿਖ ਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਢਾਕਾ ਵਿੱਚ ਸਥਿਤ ਦੋ ਇਤਿਹਾਸਕ ਸਿੱਖ ਗੁਰਧਾਮਾਂ ਗੁਰਦੁਆਰਾ ਨਾਨਕ ਸ਼ਾਹੀ ਅਤੇ ਗੁਰਦੁਆਰਾ ਸੰਗਤ ਟੋਲਾ ਦੀ ਸੁਰੱਖਿਆ ਲਈ ਬੰਗਲਾਦੇਸ਼ ਵਿੱਚ ਫੌਜ ਦੇ ਅਧਿਕਾਰੀਆਂ ਕੋਲ ਉਠਾਉਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ ਗਏ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ ਇਹ ਗੁਰਦੁਆਰੇ ਬਣਾਏ ਗਏ ਸਨ।






ਵਿਰੋਧੀ ਤੱਤ ਧਾਰਮਿਕ ਸਥਾਨਾਂ ਦੀ ਭੰਨਤੋੜ ਵਿੱਚ ਸ਼ਾਮਲ


ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਘੱਟ ਹੈ ਅਤੇ ਕੁਝ ਭਾਰਤ ਵਿਰੋਧੀ ਤੱਤ ਧਾਰਮਿਕ ਸਥਾਨਾਂ ਦੀ ਭੰਨਤੋੜ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਿੱਖ ਗੁਰਧਾਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਬੰਗਲਾਦੇਸ਼ ਅਤੇ ਭਾਰਤ ਵਿਚਲੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਸਿੱਖ ਗੁਰਧਾਮਾਂ ਦੀ ਸੁਰੱਖਿਆ ਲਈ ਕਦਮ ਚੁੱਕੇਗੀ।


ਸਰਕਾਰ ਡਿੱਗਣ ਤੋਂ ਬਾਅਦ ਸ਼ੁਰੂ ਹੋਈਆਂ ਨਸਲੀ ਕਾਰਵਾਈਆਂ !


ਜ਼ਿਕਰ ਕਰ ਦਈਏ ਕਿ ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਕ ਕਾਰਵਾਈਆਂ ਸਾਹਮਣੇ ਆਈਆਂ ਹਨ। ਜੇਸੋਰ 'ਚ ਸੋਮਵਾਰ ਨੂੰ ਇਕ ਹੋਟਲ ਵਿੱਚ ਅੱਗ ਲਾ ਦਿੱਤੀ ਗਈ, ਜਿਸ 'ਚ ਘੱਟੋ-ਘੱਟ 8 ਲੋਕ ਸੜ ਗਏ ਅਤੇ 84 ਲੋਕ ਜ਼ਖਮੀ ਹੋ ਗਏ। ਹੋਟਲ ਦਾ ਮਾਲਕ ਸ਼ਾਹੀਨ ਚਕਲਾਦਾਰ ਸੀ, ਜੋ ਜੇਸੋਰ ਜ਼ਿਲ੍ਹੇ ਦੀ ਅਵਾਮੀ ਲੀਗ ਦਾ ਜਨਰਲ ਸਕੱਤਰ ਸੀ। ਇਸ ਤੋਂ ਇਲਾਵਾ ਹਿੰਸਕ ਹੋਈ ਭੀੜ ਹੁਣ ਨਸਲੀ ਹਮਲੇ ਕਰਨ 'ਤੇ ਵੀ ਉੱਤਰ ਆਈ ਹੈ। ਬੰਗਲਾਦੇਸ਼ ਦੀਆਂ ਇਹਨਾ ਘਟਨਾਵਾਂ ਤੋਂ ਕੁੱਝ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਹੁਣ ਹਿੰਦੂ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਭੀੜ ਨੇ ਹਿੰਦੂ ਭਾਈਚਾਰੇ ਦੇ ਘਰਾਂ 'ਚ ਭੰਨਤੋੜ ਕੀਤੀ ਅਤੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਹੈ।