ਮੋਹਾਲੀ : ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕੀ ਮਾਮਲਿਆਂ ਵਿਚ ਦਖਲਅੰਦਾਜੀ ਕਰ ਕੇ ਸਿੱਖ ਜਗਤ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਬੇਲੋੜੇ ਟਕਰਾਅ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖਾਂ ਦੀ ਅਪਾਰ ਸ਼ਰਧਾ ਅਤੇ ਆਸਥਾ ਦਾ ਕੇਂਦਰ ਹਨ ਅਤੇ ਸਿੱਖ ਜਗਤ ਨੇ ਇਹਨਾਂ ਦੇ ਪ੍ਰਬੰਧ ਵਿਚ ਸਰਕਾਰੀ ਦਖਲਅੰਦਾਜੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ। ਭਾਵੇਂ ਪੂਰਾ ਸਿੱਖ ਜਗਤ ਇਸ ਗੱਲ ਦਾ ਹਾਮੀ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਉੱਤੇ ਕਿਸੇ ਇੱਕ ਅਦਾਰੇ ਦੀ ਇਜਾਰੇਦਾਰੀ ਨਹੀਂ ਹੋਣੀ ਚਾਹੀਦੀ, ਪਰ ਜਿਹੜਾ ਰਾਹ ਭਗਵੰਤ ਮਾਨ ਦੀ ਸਰਕਾਰ ਅਪਣਾ ਰਹੀ ਹੈ ਉਹ ਗ਼ੈਰ-ਸੰਵਿਧਾਨਕ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੀਤੀ ਜਾਣ ਵਾਲੀ ਅਜਿਹੀ ਕਾਰਵਾਈ ਹੈ ਜਿਸਦਾ ਬਿਨਾਂ ਬੇਲੋੜੇ ਟਕਰਾਅ ਤੋਂ ਹੋਰ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਣਾ।


ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ 1966 ਦੇ ਪੰਜਾਬ ਪੁਨਰਗਠਨ ਐਕਟ ਦੀ ਧਾਰਾ 72 ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅੰਤਰ ਰਾਜੀ ਕਾਰਪੋਰੇਟ ਸੰਸਥਾ ਬਣ ਗਈ ਹੈ ਅਤੇ ਇਸ ਨੂੰ ਅਮਲ ਵਿਚ ਲਿਆਉਣ ਵਾਲਾ ‘ਦੀ ਸਿੱਖ ਗੁਰਦੁਆਰਾ ਐਕਟ-1925' ਵਿਚ ਕੋਈ ਵੀ ਸੋਧ ਕੇਂਦਰ ਸਰਕਾਰ ਹੀ ਕਰ ਸਕਦੀ ਹੈ।ਉਹਨਾਂ ਕਿਹਾ ਕਿ ਇਸ ਗੁਰਦੁਆਰਾ ਐਕਟ ਵਿਚ ਸੋਧ ਕਰਨਾ ਪੰਜਾਬ ਦੀ ਵਿਧਾਨ ਸਭਾ ਦੇ ਅਧਿਕਾਰ ਖੇਤਰ ਵਿਚ ਹੀ ਨਹੀਂ ਹੈ।ਇਸ ਲਈ ਵਿਧਾਨ ਸਭਾ ਇੱਕ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਕਿਸੇ ਸੋਧ ਲਈ ਮਹਿਜ਼ ਸਿਫਾਰਸ਼ ਹੀ ਕਰ ਸਕਦੀ ਹੈ ਅਤੇ ਅਜਿਹੇ ਮਤੇ ਦੀ ਨਾ ਹੀ ਕੋਈ ਕਾਨੂੰਨੀ ਹੈਸੀਅਤ ਹੁੰਦੀ ਹੈ ਅਤੇ ਨਾ ਹੀ ਕੋਈ ਬੰਧਨ ਹੁੰਦਾ ਹੈ।


ਬਲਬੀਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਹ ਕਥਨ “ਗੁਰਦੁਆਰਾ ਐਕਟ ਵਿਚ ਇਕ ਨਵੀਂ ਧਾਰਾ ਜੋੜ ਰਹੇ ਹਾਂ” ਜਾਂ ਤਾਂ ਉਹਨਾਂ ਇਸ ਮਾਮਲੇ ਬਾਰੇ ਬਿਲਕੁਲ ਹੀ ਅਨਜਾਣਤਾ ਦਾ ਪ੍ਰਗਟਾਵਾ ਹੈ ਅਤੇ ਜਾਂ ਫਿਰ ਸੈਸ਼ਨ ਵਿਚ ਉੱਠਣ ਵਾਲੇ ਕਈ ਗੰਭੀਰ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਚੱਲੀ ਗਈ ਚਾਲ ਹੈ। ਉਹਨਾਂ ਕਿਹਾ ਕਿ ਕਾਰਨ ਕੁਝ ਵੀ ਹੋਵੇ ਇਸ ਨਾਲ ਬੇਲੋੜਾ ਟਕਹਾਅ ਪੈਦਾ ਹੋਵੇਗਾ, ਸਿੱਖ ਜਗਤ ਦੇ ਇਕ ਹਿਸੇ ਦੀਆਂ ਭਾਵਨਾਵਾਂਨੂੰ ਠੇਸ ਪੁੱਜੇਗੀ ਅਤੇ ਸਿੱਖ ਧਰਮ ਦੇ ਅੰਦਰੂਨੀ ਮਾਮਲਿਆਂ ਵਿਚ ਸਰਕਾਰੀ ਦਖਲਅੰਦਾਜੀ ਦਾ ਬਿਰਤਾਂਤ ਸਿਰਜਿਆ ਜਾਵੇਗਾ ਜਿਸ ਨਾਲ ਪੰਜਾਬ ਦੇ ਹਾਲਾਤ ਗਲਤ ਮੋੜ ਕੱਟ ਸਕਦੇ ਹਨ।


ਭਾਜਪਾ ਆਗੂ ਨੇ ਕਿਹਾ ਕਿ ਇਤਿਹਾਸ ਤੋਂ ਸਬਕ ਸਿਖਦਿਆਂ ਭਗਵੰਤ ਮਾਨ ਸਰਕਾਰ ਨੂੰ ਗੁਰਦੁਆਰਾ ਸਿਆਸਤ ਦੇ ਨਾਜ਼ੁਕ ਮਾਮਲੇ ਵਿਚ ਬੇਲੋੜੀ ਦਖਲਅੰਦਾਜੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪਹਿਲਾਂ ਵੀ ਜਿਨ੍ਹੀ ਵਾਹੀ ਸਰਕਾਰਾਂ ਨੇ ਗੁਰਦੁਆਰਾ ਪ੍ਰਬੰਧ ਵਿਚ ਦਖਲਅੰਦਾਜੀ ਕੀਤੀ ਹੈ ਉਸ ਦੇ ਸਿੱਟੇ ਮਾੜੇ ਹੀ ਨਿਕਲੇ ਹਨ।