ਚੰਡੀਗੜ੍ਹ: ਪੰਜਾਬ 'ਚ ਜਾਰੀ ਬਿਜਲੀ ਕੱਟਾਂ ਨੂੰ ਲੈ ਕੇ ਭਾਜਪਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿੱਤੇ ਸੱਦੇ 'ਤੇ ਸੂਬੇ ਭਰ ਦੇ ਭਾਜਪਾ ਵਰਕਰ ਲੋਕਾਂ ਦੇ ਹੱਕਾਂ ਲਈ ਸੜਕਾਂ 'ਤੇ ਉੱਤਰ ਕੇ ਸੰਘਰਸ਼ ਕਰ ਰਹੇ ਹਨ।



ਅਸ਼ਵਨੀ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਕਹਿੰਦੇ ਸਨ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ 1 ਅਪ੍ਰੈਲ ਤੋਂ ਬਾਅਦ ਪੰਜਾਬ ਵਿੱਚ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਤੇ 1 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਕਿਸਾਨ ਖੁਦਕੁਸ਼ੀਆਂ ਕੀਤੀ ਜਾ ਚੁੱਕੀ ਹੈ ਪਰ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਸੇ ਵੀ ਆਗੂ ਨੇ ਇਨ੍ਹਾਂ ਪੀੜਤ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ, ਉਹਨਾਂ ਦੀ ਸਾਰ ਵੀ ਨਹੀਂ ਲਈ।"

ਬੀਜੇਪੀ ਆਗੂ ਨੇ ਕਿਹਾ ਕਿ, "ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਡੇਢ ਮਹੀਨੇ 'ਚ 5 ਕਬੱਡੀ ਖਿਡਾਰੀਆਂ ਸਮੇਤ 35 ਤੋਂ ਵੱਧ ਲੋਕਾਂ ਦਾ ਬੇਖੌਫ ਅਪਰਾਧੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਅਪਰਾਧੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ।"

ਪਟਿਆਲਾ ਹਿੰਸਾ ਮਾਮਲੇ 'ਤੇ ਬੋਲਦੇ ਹੋਏ, ਅਸ਼ਵਨੀ ਨੇ ਕਿਹਾ "ਆਪਣੀ ਨਾਕਾਮੀ ਨੂੰ ਛੁਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਇਸ ਹਿੰਸਾ ਨੂੰ ਭਾਜਪਾ ਤੇ ਕਾਂਗਰਸ ਦੀ ਸਰਪ੍ਰਸਤੀ ਵਲੋਂ ਪ੍ਰਾਯੋਜਿਤ ਦੱਸ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।" ਉਨ੍ਹਾਂ ਕਿਹਾ ਕਿ, "ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਕੇਜਰੀਵਾਲ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਨ। ਕੇਜਰੀਵਾਲ ਸਰਕਾਰ ਨਾਲ ‘ਗਿਆਨ ਸਮਝੌਤਾ’ ਕਰਕੇ ਭਗਵੰਤ ਮਾਨ ਨੇ ਪੰਜਾਬ ਨੂੰ ਦਿੱਲੀ ਨੂੰ ਵੇਚ ਦਿੱਤਾ ਹੈ।"

ਅਸ਼ਵਨੀ ਨੇ ਕਿਹਾ, "ਭਗਵੰਤ ਮਾਨ ਸਰਕਾਰ ਜਨਤਾ ਲਈ ਕੁਝ ਨਹੀਂ ਕਰਦੀ, ਉਹ ਸਿਰਫ ਝੂਠੇ ਵਾਅਦੇ ਤੇ ਲਾਲਚ ਦੇ ਕੇ ਜਨਤਾ ਨੂੰ ਮੂਰਖ ਬਣਾ ਰਹੀ ਹੈ। ਪਰ ਭਾਰਤੀ ਜਨਤਾ ਪਾਰਟੀ ਜਨਤਾ ਨਾਲ ਧੋਖਾ ਨਹੀਂ ਹੋਣ ਦੇਵੇਗੀ। ਭਾਜਪਾ ਦਾ ਇੱਕੋ ਇੱਕ ਟੀਚਾ ਹੈ, 'ਸਬਕਾ ਸਾਥ, ਸਬਕਾ ਵਿਸ਼ਵਾਸ ਤੇ ਸਬਕਾ ਵਿਕਾਸ' ਅਤੇ ਇਸ ਟੀਚੇ ਨੂੰ ਲੈ ਕੇ ਭਾਜਪਾ ਦੇ ਵਰਕਰ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।"