Punjab News: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਬਾਅਦ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਦੀਆਂ ਖਬਰਾਂ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਹੁਣ ਬੀਜੇਪੀ ਦੇ ਸੀਨੀਅਰ ਲੀਡਰ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਗਠਜੋੜ ਨੂੰ ਲੈ ਕੇ ਭਾਜਪਾ ਦਾ ਰੁਖ ਸਪੱਸ਼ਟ ਕੀਤਾ ਹੈ। 


ਹਰਦੀਪ ਪੁਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਕੁਝ ਵੀ ਨਹੀਂ ਹੈ। ਜੇਕਰ ਉਨ੍ਹਾਂ ਦੇ ਚੰਗੇ ਆਗੂ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਹ ਆ ਕੇ ਕਮਲ ਨਾਲ ਜੁੜ ਸਕਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 20-25 ਸਾਲਾਂ ਵਿੱਚ ਗਠਜੋੜ ਦੇ ਨਾਂ ’ਤੇ ਕੁਝ ਨਹੀਂ ਕੀਤਾ।


ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਸੀ ਤਾਂ ਅਸੀਂ ਸਮਝਦੇ ਸੀ ਕਿ ਉਹ ਪੰਜਾਬ ਦੇ ਹਿੱਤ ਵਿੱਚ ਕੰਮ ਕਰ ਰਹੇ ਹਨ, ਪਰ ਜਦੋਂ ਤੱਕ ਅਸੀਂ ਅਸਲੀਅਤ ਸਮਝਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਗੱਠਜੋੜ ਤੋੜ ਦਿੱਤਾ। 


ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦਾ ਸਵਾਲ ਹੈ ਤਾਂ ਸਾਡਾ ਜਵਾਬ ਹੈ ਕਿ ਉਨ੍ਹਾਂ ਕੋਲ ਹੁਣ ਕੁਝ ਨਹੀਂ ਹੈ, ਜੇਕਰ ਤੁਸੀਂ ਚਾਹੋ ਤਾਂ ਨਤੀਜਾ ਦੇ ਲਵੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵੋਟਰਾਂ ਵਿੱਚ ਆਪਣੀ ਭਰੋਸੇਯੋਗਤਾ ਗੁਆ ਚੁੱਕਾ ਹੈ, ਜਿਸ ਦਾ ਨਤੀਜਾ ਜਲੰਧਰ ਦੀ ਉਪ ਚੋਣ ਵਿੱਚ ਵੀ ਸਾਹਮਣੇ ਆਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ।


 


ਕੇਂਦਰੀ ਮੰਤਰੀ ਹਰਦੀਪ ਪੁਰੀ ਪੰਜਾਬ ਸਰਕਾਰ 'ਤੇ ਵੀ ਵਰ੍ਹੇ। ਉਨ੍ਹਾਂ ਕਿਹਾ ਕਿ ਮੁਫ਼ਤ ਦੇ ਤੋਹਫ਼ਿਆਂ ਨਾਲ ਸੂਬੇ ਦੀ ਆਰਥਿਕਤਾ ਨੂੰ ਕੋਈ ਹੁਲਾਰਾ ਨਹੀਂ ਮਿਲੇਗਾ ਕਿਉਂਕਿ ਸੂਬਾ ਪਹਿਲਾਂ ਹੀ ਭਾਰੀ ਕਰਜ਼ਾਈ ਹੈ। ਦੂਜੇ ਪਾਸੇ ਕਰਨਾਟਕ 'ਚ ਭਾਜਪਾ ਦੀ ਹਾਰ 'ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪਾਰਟੀ ਦੀ ਵੋਟ ਪ੍ਰਤੀਸ਼ਤ 'ਚ ਕੋਈ ਬਹੁਤੀ ਗਿਰਾਵਟ ਨਹੀਂ ਆਈ। ਕੁਝ ਕਾਰਨਾਂ ਕਰਕੇ ਭਾਜਪਾ ਉੱਥੇ ਚੋਣਾਂ ਹਾਰ ਗਈ ਹੈ, ਜਿਸ 'ਤੇ ਆਤਮ ਚਿੰਤਨ ਕੀਤਾ ਜਾ ਰਿਹਾ ਹੈ।