Punjab News: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ।


ਪਾਰਟੀ ਨੇ ਪੰਜਾਬ ਚੋਂ ਨਹੀਂ ਕੀਤਾ ਕਿਸੇ ਉਮੀਦਵਾਰ ਦਾ ਐਲਾਨ


ਪਾਰਟੀ ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਕਈ ਉਮੀਦਵਾਰਾਂ ਦੇ ਨਾਂਅ ਫਾਈਨਲ ਕਰ ਲਏ ਹਨ। ਕਿਸਾਨ ਅੰਦੋਲਨ ਅਤੇ ਅਕਾਲੀ ਦਲ ਨਾਲ ਗਠਜੋੜ 'ਤੇ ਸਹਿਮਤੀ ਨਾ ਬਣਨ ਕਾਰਨ ਪੰਜਾਬ 'ਚ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਪਾਰਟੀ ਨੂੰ ਡਰ ਹੈ ਕਿ ਕਿਸਾਨ ਅੰਦੋਲਨ ਦਾ ਲੋਕ ਸਭਾ ਚੋਣਾਂ 'ਤੇ ਅਸਰ ਪੈ ਸਕਦਾ ਹੈ। ਪੰਜਾਬ ਦਾ ਵੱਡਾ ਹਿੱਸਾ ਅੱਜ ਵੀ ਖੇਤੀ ਨਾਲ ਜੁੜਿਆ ਹੋਇਆ ਹੈ ਅਤੇ ਪਿੰਡਾਂ ਵਿੱਚ ਰਹਿ ਰਿਹਾ ਹੈ।


ਭਾਜਪਾ ਲੀਡਰ ਵੀ ਗੱਠਜੋੜ ਕਰਨ ਨੂੰ ਕਾਹਲੇ !


ਪੰਜਾਬ ਭਾਜਪਾ ਦੇ ਆਗੂ ਇਸ ਤੋਂ ਪਹਿਲਾਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਨ ਦੀ ਗੱਲ ਕਰਦੇ ਰਹੇ ਹਨ। ਹੁਣ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਮੁੜ ਅਕਾਲੀ ਦਲ ਨਾਲ ਗਠਜੋੜ ਕਰਨ ਲਈ ਰਾਜ਼ੀ ਹੋ ਗਏ ਹਨ। ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਪਰਦੇ ਪਿੱਛੇ ਕੀ ਹੁੰਦਾ ਹੈ। ਇਸ ਸਬੰਧੀ ਮੇਰੀ ਕਿਸੇ ਨਾਲ ਕੋਈ ਮੀਟਿੰਗ ਨਹੀਂ ਹੋਈ। ਨਾ ਹੀ ਕੇਂਦਰੀ ਲੀਡਰਸ਼ਿਪ ਨੇ ਮੇਰੇ ਨਾਲ ਕੋਈ ਗੱਲ ਕੀਤੀ। ਲੋਕਾਂ ਦੀ ਭਾਵਨਾ ਹੈ ਕਿ ਦੋਵਾਂ (ਅਕਾਲੀ-ਭਾਜਪਾ) ਨੂੰ ਮਿਲ ਕੇ ਲੜਨਾ ਚਾਹੀਦਾ ਹੈ।


ਕਿਸਾਨੀ ਅੰਦੋਲਨ ਬਣਿਆ ਗੱਠਜੋੜ ਦੇ ਰਾਹ ਵਿੱਚ ਰੋੜਾ


ਅਕਾਲੀ ਦਲ ਨੇ ਹਮੇਸ਼ਾ ਆਪਣੇ ਆਪ ਨੂੰ ਪੰਥਕ ਅਤੇ ਕਿਸਾਨਾਂ ਨਾਲ ਜੁੜੀ ਪਾਰਟੀ ਦੱਸਿਆ ਹੈ। 13 ਫਰਵਰੀ ਤੋਂ ਪੰਜਾਬ-ਹਰਿਆਣਾ ਦੇ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿੱਚ ਇਹ ਸਪੱਸ਼ਟ ਨਹੀਂ ਹੈ ਕਿ ਅਕਾਲੀ ਦਲ ਐਨਡੀਏ ਵਿੱਚ ਸ਼ਾਮਲ ਹੋਵੇਗਾ। ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਵਿਚਾਲੇ ਚੱਲ ਰਹੀ ਗੱਲਬਾਤ ਸੀਟ ਵੰਡ ਤੱਕ ਪਹੁੰਚ ਗਈ ਸੀ। ਅਕਾਲੀ ਦਲ ਅਤੇ ਭਾਜਪਾ ਕਿਸਾਨ ਅੰਦੋਲਨ ਨੂੰ ਜਲਦੀ ਖਤਮ ਕਰਨ ਅਤੇ 13 ਸੀਟਾਂ 'ਤੇ ਇਕੱਠੇ ਚੋਣ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।