ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੀ ਸਰਕਾਰ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਬੀਜੇਪੀ ਪ੍ਰਧਾਨ ਨੇ ਲੁਧਿਆਣਾ ਬਲਾਤਕਾਰ ਕਾਂਡ 'ਤੇ ਵੀ ਕੈਪਟਨ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਮੋਦੀ ਸਰਕਾਰ ਵੱਲੋਂ ਬਣਾਏ ਸਖ਼ਤ ਕਾਨੂੰਨ ਦਾ ਹਵਾਲਾ ਦਿੰਦਿਆਂ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ।


ਇਹ ਵੀ ਪੜ੍ਹੋ- ਸੂਬੇ 'ਚ ਸੁਰੱਖਿਅਤ ਨਹੀਂ ਔਰਤਾਂ, ਲੁਧਿਆਣਾ 'ਚ 12 ਲੋਕਾਂ ਨੇ ਕੀਤਾ ਗੈਂਗਰੇਪ

ਮਲਿਕ ਨੇ ਕੈਪਟਨ ਸਰਕਾਰ ਦੇ ਦੋ ਸਾਲਾ ਕਾਰਜਕਾਲ ਨੂੰ ਨਾਕਾਮ ਦੱਸਿਆ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉੱਪਰ ਵੀ ਨਿਸ਼ਾਨੇ ਲਾਏ। ਨਵਜੋਤ ਕੌਰ ਸਿੱਧੂ ਵੱਲੋਂ 'ਏਬੀਪੀ ਸਾਂਝਾ' ਨੂੰ 'ਮੁੱਕਦੀ ਗੱਲ' ਵਿੱਚ ਦਿੱਤੇ ਇੰਟਰਵਿਊ ਦੀਆਂ ਗੱਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਸਿੱਧੂ ਜੋੜਾ ਚੁੱਪ ਕਿਉਂ ਹੈ ਕਿਉਂਕਿ ਹੁਣ ਸਿੱਧੂ ਨੂੰ ਰਾਸ਼ਨ ਮਿਲ ਗਿਆ ਇਸ ਕਰਕੇ ਭਾਸ਼ਣ ਨਹੀਂ ਦੇ ਰਹੇ।

ਉਨ੍ਹਾਂ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਹਿਲਾਂ ਵਿੱਤ ਮੰਤਰੀ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਤੇ ਹੁਣ ਉਨ੍ਹਾਂ ਤੋਂ ਰੈਵੇਨਿਊ ਕਿਉਂ ਨਹੀਂ ਇਕੱਠਾ ਹੋ ਰਿਹਾ। ਮਲਿਕ ਨੇ ਨਸ਼ੇ ਦੇ ਮਾਮਲੇ 'ਤੇ ਵੀ ਕੈਪਟਨ ਸਰਕਾਰ 'ਤੇ ਸਵਾਲ ਚੁੱਕੇ। ਮਲਿਕ ਨੇ ਅਰੂਸਾ ਆਲਮ ਨਾਲ ਡੀਜੀਪੀ ਦਿਨਕਰ ਗੁਪਤਾ ਦੀ ਤਸਵੀਰ ਵਾਇਰਲ ਹੋਣ ਤੇ ਪੁੱਛੇ ਸਵਾਲ 'ਤੇ ਕੁਝ ਖ਼ਾਸ ਜਵਾਬ ਨਹੀਂ ਦਿੱਤਾ, ਸਗੋਂ ਦਿਨਕਰ ਗੁਪਤਾ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਗੁਪਤਾ ਬਹੁਤ ਵਧੀਆ ਤੇ ਕਾਬਲ ਅਫ਼ਸਰ ਹਨ ਤੇ ਉਨ੍ਹਾਂ ਨੇ ਅੱਤਵਾਦ ਦੇ ਕਾਲੇ ਦੌਰ ਵਿੱਚ ਵਧੀਆ ਭੂਮਿਕਾ ਅਦਾ ਕੀਤੀ ਹੈ।

ਸਬੰਧਤ ਖ਼ਬਰ- ਪੰਜਾਬ ਦੇ ਨਵੇਂ DGP ਨੂੰ ਅਰੂਸਾ ਦਾ ਥਾਪੜਾ..?

ਮਲਿਕ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਹੀ ਨਸ਼ਾ ਵਿਕਣ ਤੋਂ ਦੁਖੀ ਹਨ। ਮਲਿਕ ਮੁਤਾਬਕ ਅਜਿਹੀ ਸਰਕਾਰ ਪੰਜਾਬ ਨੂੰ ਚਲਾਉਣ ਤੋਂ ਅਸਮਰੱਥ ਹੈ ਇਸ ਲਈ ਮੁੱਖ ਮੰਤਰੀ ਸਮੇਤ ਸਭਨਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।