SGPC News: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਦੀ ਨਿਯੁਕਤੀ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣਾ ਇਹ ਵਿਰੋਧ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੱਤਰ ਭੇਜ ਕੇ ਦਰਜ ਕਰਵਾਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਹੁਣ ਤਕ ਜ਼ਿਆਦਾਤਰ ਸਿੱਖਾਂ ਨੂੰ ਹੀ ਤਾਇਨਾਤ ਕੀਤਾ ਜਾਂਦਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇੱਕ ਗੈਰ-ਸਿੱਖ ਅਧਿਕਾਰੀ ਨੂੰ ਗੁਰਦੁਆਰਾ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕਰਨਾ ਸਿੱਖ ਭਾਵਨਾਵਾਂ ਤੇ ਮਰਿਆਦਾ ਅਨੁਸਾਰ ਨਹੀਂ ਹੈ। ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਸਿੱਖ ਸੰਗਤ ਵਿੱਚ ਭਾਰੀ ਰੋਸ ਹੈ।
ਉਨ੍ਹਾਂ ਆਖਿਆ ਕਿ ਸਿੱਖ ਕੌਮ ਅੰਦਰ ਤਖ਼ਤ ਸਾਹਿਬਾਨ ਦੀ ਭੂਮਿਕਾ ਸਿੱਖ ਮਰਿਆਦਾ ਲਾਗੂ ਕਰਨ ਲਈ ਅਗਵਾਈ ਕਰਨਾ ਤੇ ਸਮੇਂ ਸਮੇਂ ਨਿਰਦੇਸ਼ ਦੇਣਾ ਹੈ, ਇਸ ਲਈ ਕਿਸੇ ਗੈਰ-ਸਿੱਖ ਵਿਅਕਤੀ ਨੂੰ ਤਖ਼ਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਬੰਧਕ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੋਈ ਗੈਰ ਸਿੱਖ ਵਿਅਕਤੀ ਸਿੱਖ ਭਾਵਨਾਵਾਂ ਅਨੁਸਾਰ ਗੁਰਦੁਆਰਿਆਂ ਦਾ ਪ੍ਰਬੰਧ ਵੀ ਨਹੀਂ ਚਲਾ ਸਕਦਾ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਹ ਸਿੱਖ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣ ਲਈ ਕਿਹਾ।
ਇਹ ਵੀ ਪੜ੍ਹੋ: Rahul Gandhi : ਕਾਂਗਰਸ ਨੂੰ ਮਿਲੀ ਵੱਡੀ ਰਾਹਤ! ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਦੇ ਨਾਲ ਹੀ ਗੁਰਦੁਆਰਾ ਬੋਰਡ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਦੀ ਚੋਣ ਕਰਵਾਉਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਕਾਰਜਕਾਲ ਮਾਰਚ 2022 ਵਿਚ ਪੂਰਾ ਹੋ ਚੁੱਕਾ ਹੈ।
ਉਧਰ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਚ ਪ੍ਰਸ਼ਾਸਕ ਵਜੋਂ ਕਿਸੇ ਸਿੱਖ ਆਈਏਐਸ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ। ਇਸ ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਾਂਦੇੜ ਦੇ ਕੁਲੈਕਟਰ ਨੂੰ ਗੁਰਦੁਆਰਾ ਪ੍ਰਬੰਧ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਪੁਲੀਸ ਦੇ ਡਾਇਰੈਕਟਰ ਜਨਰਲ ਡਾ. ਪੀ ਐਸ ਪਸਰੀਚਾ ਇਸ ਅਹੁਦੇ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ। ਦੱਸਣਯੋਗ ਹੈ ਕਿ ਇਸ ਨਿਯੁਕਤੀ ਤੋਂ ਪਹਿਲਾਂ ਸਾਬਕਾ ਪੁਲਿਸ ਮੁਖੀ ਪੀਐਸ ਪਸਰੀਚਾ ਨੂੰ ਨਿਯੁਕਤ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਨਿਯੁਕਤੀ ਸਮੇਂ ਗੁਰਦੁਆਰੇ ਦੀ ਆਮਦਨ ਵੀ ਵਧੀ ਸੀ।
ਇਹ ਵੀ ਪੜ੍ਹੋ: Rain in Punjab: ਬਾਰਸ਼ ਨੇ ਤੋੜੇ ਰਿਕਾਰਡ! ਪੰਜਾਬ 'ਚ 59 ਫੀਸਦੀ ਤੇ ਹਰਿਆਣਾ 'ਚ 44 ਫੀਸਦੀ ਪਿਆ ਵੱਧ ਮੀਂਹ