Punjab News: ਅਬੋਹਰ ਵਿੱਚ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ ਕਿਉਂਕਿ ਪੰਜਾਬ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਜਦੋਂ ਕਿ ਵਿਰੋਧੀ ਧਿਰਾਂ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ। ਇਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਵੱਲੋਂ ਅਮਨ ਅਰੋੜਾਂ ਦੇ ਇਲਜ਼ਾਮਾਂ ਉੱਤੇ ਤਿੱਖਾ ਮੋੜਵਾਂ ਜਵਾਬ ਦਿੱਤਾ ਗਿਆ ਹੈ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ (Aman Arora) ਵੱਲੋਂ ਕੇਂਦਰ ਸਰਕਾਰ ’ਤੇ ਗੈਂਗਸਟਰਾਂ ਨੂੰ ਸੁਰੱਖਿਆ ਦੇਣ ਦੇ ਲਾਏ ਗਏ ਆਰੋਪਾਂ ਨੂੰ ਲੈ ਕੇ ਤਿੱਖਾ ਹਮਲਾ ਕੀਤਾ। ਬਿੱਟੂ ਨੇ ਅਰੋੜਾ ਦੇ ਬਿਆਨ ਨੂੰ “ਗੈਰ-ਜਿੰਮੇਵਾਰਾਨਾ” ਅਤੇ “ਗੰਭੀਰ ਰੂਪ ਵਿੱਚ ਨਿੰਦਨਯੋਗ” ਦੱਸਿਆ ਅਤੇ ਕਿਹਾ ਕਿ ਇਹ ਬਿਆਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਨਾਕਾਮੀ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।
ਬਿੱਟੂ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਣਗੇ ਅਤੇ ਅਰੋੜਾ ਵੱਲੋਂ ਲਾਏ ਗਏ “ਬੇਬੁਨਿਆਦ ਆਰੋਪਾਂ” ’ਤੇ ਕਾਰਵਾਈ ਦੀ ਮੰਗ ਕਰਨਗੇ। ਉਨ੍ਹਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਸਚਿਵ ਕੇਏਪੀ ਸਿਨ੍ਹਾ ਤੋਂ ਵੀ ਲਿਖਤੀ ਸਪਸ਼ਟੀਕਰਨ ਮੰਗਿਆ ਹੈ ਕਿ, ਕੀ ਅਰੋੜਾ ਦਾ ਇਹ ਬਿਆਨ ਭਗਵੰਤ ਮਾਨ ਸਰਕਾਰ ਦੀ ਅਧਿਕਾਰਿਕ ਰਾਏ ਹੈ।
ਬਿੱਟੂ ਨੇ ਕਿਹਾ, “ਅਮਨ ਅਰੋੜਾ ਵੱਲੋਂ ਇਹ ਕਹਿਣਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਵਿੱਚ ਕੇਂਦਰ ਦੀ ਸੁਰੱਖਿਆ ਹੇਠ ਹੈ, AAP ਦੀ ਨਾਕਾਮੀ ਨੂੰ ਢੱਕਣ ਦੀ ਇਕ ਸਸਤੀ ਕੋਸ਼ਿਸ਼ ਹੈ। ਇਹ ਤਰ੍ਹਾਂ ਦੇ ਭੜਕਾਊ ਅਤੇ ਭਰਮਕ ਬਿਆਨ ਨਾ ਸਿਰਫ ਗਲਤ ਹਨ, ਸਗੋਂ ਬਹੁਤ ਹੀ ਖਤਰਨਾਕ ਹਨ।”
ਉਨ੍ਹਾਂ ਦੋਹਰਾਇਆ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਅੱਤਵਾਦ ਅਤੇ ਸੰਗਠਿਤ ਅਪਰਾਧ ਖਿਲਾਫ਼ ਸਖ਼ਤ ਰੁਖ ਅਪਣਾਇਆ ਹੈ। “ਜਦੋਂ ਲੋੜ ਪਈ ਤਾਂ ਅਸੀਂ ਪਾਕਿਸਤਾਨ ਦੇ ਅੰਦਰ ਵੜ ਕੇ ਸਰਜੀਕਲ ਸਟ੍ਰਾਈਕ ਕੀਤੀ। ਕੀ ਗੈਂਗਸਟਰ ਸਾਡੀ ਪਹੁੰਚ ਤੋਂ ਬਾਹਰ ਹਨ? ਜਦੋਂ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ, ਅਸੀਂ ਦਿਖਾਵਾਂਗੇ ਕਿ ਅਸਲੀ ਕਾਰਵਾਈ ਕੀ ਹੁੰਦੀ ਹੈ।
ਵਪਾਰੀ ਸੰਜੈ ਵਰਮਾ ਦੀ ਹਾਲ ਹੀ ਵਿੱਚ ਅਬੋਹਰ ’ਚ ਹੋਈ ਹੱਤਿਆ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਦੱਸਿਆ ਕਿ ਪੰਜਾਬ ਸਰਕਾਰ ਗੈਂਗਸਟਰ ਤੰਤ੍ਰ ਦੇ ਅੱਗੇ ਪੂਰੀ ਤਰ੍ਹਾਂ ਝੁਕ ਚੁੱਕੀ ਹੈ। ਉਨ੍ਹਾਂ ਕਿਹਾ, “ਵਪਾਰੀਆਂ ਨੂੰ ਲਗਾਤਾਰ ਫਿਰੌਤੀ ਦੀਆਂ ਕਾਲਾਂ ਅਤੇ ਮੌਤ ਦੀਆਂ ਧਮਕੀਆਂ ਆ ਰਹੀਆਂ ਹਨ। ਗੈਂਗਸਟਰ ਸੜਕਾਂ ’ਤੇ ਖੁੱਲ੍ਹੇਆਮ ਦਹਿਸ਼ਤ ਫੈਲਾ ਰਹੇ ਹਨ।”