Punjab News: ਕੇਂਦਰੀ ਮੰਤਰੀ ਤੇ ਬੀਜੇਪੀ ਲੀਡਰ ਰਵਨੀਤ ਬਿੱਟੂ ਵਿਵਾਦਤ ਬਿਆਨਾਂ ਕਰਕੇ ਮੁੜ ਚਰਚਾ ਵਿੱਚ ਹਨ। ਇਸ ਵਾਰ ਰਵਨੀਤ ਬਿੱਟੂ ਨੇ ਆਪਣੇ ਪੁਰਾਣੇ 'ਬੌਸ' ਰਾਹੁਲ ਗਾਂਧੀ ਉਪਰ ਹਮਲਾ ਬੋਲਿਆ ਹੈ। ਰਵਨੀਤ ਬਿੱਟੂ ਇੰਨੇ ਭੜਕ ਗਏ ਕਿ ਉਨ੍ਹਾਂ ਨੇ ਤਾਂ ਰਾਹੁਲ ਗਾਂਧੀ ਨੂੰ 'ਅੱਤਵਾਦੀ' ਕਰਾਰ ਦੇ ਦਿੱਤਾ। ਹੁਣ ਬਿੱਟੂ ਦੇ ਬਿਆਨ ਦੀ ਅਲੋਚਨਾ ਹੋ ਰਹੀ ਹੈ।


ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ‘ਅਪਮਾਨਜਨਕ ਤੇ ਗ਼ੈਰਸੰਵਿਧਾਨਕ’ ਹੈ। ਬਾਜਵਾ ਮੁਤਾਬਕ, ‘‘ਬਿੱਟੂ ਵੱਲੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ‘ਅੱਤਵਾਦੀ’ ਆਖਣਾ ਨਾ ਸਿਰਫ਼ ਇੱਕ ਸਾਥੀ ਸੰਸਦ ਮੈਂਬਰ ਪ੍ਰਤੀ ਸਤਿਕਾਰ ਦੀ ਘਾਟ ਨੂੰ ਦਰਸਾਉਂਦਾ ਹੈ, ਬਲਕਿ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਪ੍ਰਤੀ ਚਿੰਤਾਜਨਕ ਅਗਿਆਨਤਾ ਨੂੰ ਵੀ ਉਜਾਗਰ ਕਰਦਾ ਹੈ। ਇਹ ਟਿੱਪਣੀਆਂ ਜਮਹੂਰੀਅਤ ਦਾ ਅਪਮਾਨ ਹਨ।’’ 


ਬਾਜਵਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਸਦੀ ਨੈਤਿਕਤਾ ਦੀ ਇਸ ਸ਼ਰ੍ਹੇਆਮ ਉਲੰਘਣਾ ਦਾ ਨੋਟਿਸ ਲਵੇ ਤੇ ਇਹ ਯਕੀਨੀ ਬਣਾਏ ਕਿ ਅਹੁਦਿਆਂ ’ਤੇ ਬੈਠੇ ਲੋਕ ਸੰਵਿਧਾਨ ਤੇ ਅਹੁਦੇ ਦੀ ਮਰਿਆਦਾ ਦਾ ਸਨਮਾਨ ਕਰਦੇ ਰਹਿਣ। ਰਵਨੀਤ ਬਿੱਟੂ ਨੂੰ ਚੁਫੇਰਿਓਂ ਘੇਰਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ


ਦਰਅਸਲ ਰਵਨੀਤ ਬਿੱਟੂ ਨੇ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ‘ਦੇਸ਼ ਦਾ ਨੰਬਰ ਵਨ ਅੱਤਵਾਦੀ’ ਕਰਾਰ ਦਿੰਦਿਆਂ ਨਵਾਂ ਵਿਵਾਦ ਛੇੜ ਦਿੱਤਾ ਹੈ। ਬਿੱਟੂ ਨੇ ਇਹ ਟਿੱਪਣੀ ਰਾਹੁਲ ਵੱਲੋਂ ਅਮਰੀਕਾ ’ਚ ਪਿਛਲੇ ਹਫ਼ਤੇ ਸਿੱਖ ਭਾਈਚਾਰੇ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕੀਤੀ। ਭਾਗਲਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ‘ਦੇਸ਼ ਦਾ ਨੰਬਰ ਵਨ ਅੱਤਵਾਦੀ’ ਕਰਾਰ ਦਿੱਤਾ ਤੇ ਕਿਹਾ ਕਿ ‘ਉਹ ਭਾਰਤੀ ਨਹੀਂ ਹੈ।’’ 


ਰਾਹੁਲ ਗਾਂਧੀ ਦੀਆਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਬਾਰੇ ਟਿੱਪਣੀਆਂ ਸਬੰਧੀ ਸਵਾਲ ’ਤੇ ਬਿੱਟੂ ਨੇ ਆਖਿਆ ਕਿ ‘ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ।’’ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਬਿੱਟੂ ਨੇ ਕਿਹਾ, ‘‘ਪਹਿਲਾਂ ਉਨ੍ਹਾਂ (ਕਾਂਗਰਸ) ਨੇ ਮੁਸਲਮਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋਇਆ ਤੇ ਹੁਣ ਉਹ ਸਿੱਖਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 



ਰਾਹੁਲ ਗਾਂਧੀ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਧ ਲੋੜੀਂਦੇ ਲੋਕਾਂ ਨੇ ਅਜਿਹੇ ਬਿਆਨ ਦਿੱਤੇ ਸਨ। ਇੱਥੋਂ ਤੱਕ ਕਥਿਤ ਅੱਤਵਾਦੀਆਂ ਨੇ ਵੀ ਰਾਹੁਲ ਦੀ ਟਿੱਪਣੀ ਦੀ ਸ਼ਲਾਘਾ ਕੀਤੀ ਹੈ। ਜਦੋਂ ਅਜਿਹੇ ਲੋਕ ਰਾਹੁਲ ਗਾਂਧੀ ਦਾ ਸਮਰਥਨ ਕਰ ਰਹੇ ਹਨ ਤਾਂ ਉਹ ਦੇਸ਼ ਦਾ ਨੰਬਰ ਇਕ ਅਤਿਵਾਦੀ ਹੈ।’’ ਮੰਤਰੀ ਨੇ ਕਿਹਾ, ‘‘ਮੇਰੇ ਖਿਆਲ ਨਾਲ ਜੇਕਰ ਕਿਸੇ ਨੂੰ ਫੜਨ ਲਈ ਇਨਾਮ ਮਿਲਣਾ ਚਾਹੀਦਾ ਹੈ ਜਾਂ ਕੋਈ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਤਾਂ ਉਹ ਰਾਹੁਲ ਗਾਂਧੀ ਹੈ।’’ 


ਬਿੱਟੂ ਨੇ ਦਾਅਵਾ ਕੀਤਾ, ‘‘ਰਾਹੁਲ ਗਾਂਧੀ ਭਾਰਤੀ ਨਹੀਂ ਹਨ ਕਿਉਂਕਿ ਉਹ ਬਹੁਤਾ ਸਮਾਂ ਭਾਰਤ ਤੋਂ ਬਾਹਰ ਗੁਜ਼ਾਰਦੇ ਹਨ। ਉਨ੍ਹਾਂ ਦਾ ਪਰਿਵਾਰ ਤੇ ਮਿੱਤਰ ਉੱਥੇ ਹਨ। ਇਸ ਕਰਕੇ ਮੇਰਾ ਮੰਨਣਾ ਹੈ ਕਿ ਉਹ ਭਾਰਤ ਨੂੰ ਪਿਆਰ ਨਹੀਂ ਕਰਦੇ ਤੇ ਵਿਦੇਸ਼ ਜਾ ਕੇ ਭਾਰਤ ਬਾਰੇ ਅਜਿਹੀਆਂ ਨਾਂਹਪੱਖੀ ਗੱਲਾਂ ਕਰਦੇ ਹਨ।’’



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।