ਅੰਮ੍ਰਿਤਸਰ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਸਰਕਾਰ ਦੇ ਅਦਾਰੇ ਦੂਰ ਦਰਸ਼ਨ ਰਾਹੀਂ ’ਡੀ. ਡੀ. ਗੁਰਬਾਣੀ’ ਚੈਨਲ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ  ਇਕਬਾਲ ਸਿੰਘ ਲਾਲਪੁਰਾ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਇਲਾਹੀ ਬਾਣੀ ਅਧਿਆਤਮਿਕ ਪ੍ਰੇਰਨਾ ਅਤੇ ਸਿੱਖ ਚੇਤਨਾ ਦਾ ਬੁਨਿਆਦੀ ਸ੍ਰੋਤ ਹੈ। ‘ਧੁਰ ਕੀ ਬਾਣੀ’ ਨੂੰ ਕਿਸੇ ਦੇ ਨਿੱਜੀ ਅਧਿਕਾਰਾਂ ਜਾਂ ਵਪਾਰਕ ਸਮਝੌਤੇ ਦੀਆਂ ਸ਼ਰਤਾਂ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। 


ਇਸ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਅਤੇ ਮੁਫ਼ਤ ਗੁਰਬਾਣੀ ਟੈਲੀਕਾਸਟ ਦੀ ਮੰਗ ਨੇ ਪੰਜਾਬ ਅਤੇ ਸਿੱਖ ਕੌਮ ਵਿੱਚ ਭਾਰੀ ਚਰਚਾ ਛੇੜ ਦਿੱਤੀ ਹੈ। ਪੰਜਾਬ ਵਿਧਾਨ ਸਭਾ ਨੇ ਪਹਿਲਾਂ 6 ਨਵੰਬਰ 2019 ਨੂੰ ਅਤੇ ਹੁਣ ਮੌਜੂਦਾ ਪੰਜਾਬ ਸਰਕਾਰ ਨੇ 20 ਜੂਨ 2023 ਨੂੰ ਵਿਸ਼ੇਸ਼ ਇਜਲਾਸ ਦੌਰਾਨ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਕੀਰਤਨ ਪ੍ਰਸਾਰਨ ਸੰਬੰਧੀ ਅਪੀਲ ਕੀਤੀ। ਜਿਸ ਬਾਰੇ ਸ਼੍ਰੋਮਣੀ ਕਮੇਟੀ ਦੇ ਆਪਣੇ ਵਿਚਾਰ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਨ ਲਈ ਸਰਕਾਰ ਦੁਆਰਾ ਰੇਡੀਉ ਸਟੇਸ਼ਨ ਸਥਾਪਿਤ ਕਰਨ ਦੀ ਸਿੱਖਾਂ ਦੀ ਮੰਗ ਅਨੰਦਪੁਰ ਸਾਹਿਬ ਮਤੇ ’ਚ ਵੀ ਸ਼ਾਮਿਲ ਰਿਹਾ ਹੈ।


ਪ੍ਰੋ. ਸਰਚਾਂਦ ਸਿੰਘ ਨੇ ਅਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਮੌਜੂਦਾ ਸਮੇਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ  ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦਾ ਪੱਖ ਪੂਰਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਕੌਮ ਲਈ ਮਾਰੇ ਗਏ ਹੰਭਲੇ ਉਨ੍ਹਾਂ ਦੀ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਪ੍ਰਤੀ ਉਨ੍ਹਾਂ ਦੇ ਵਿਸ਼ੇਸ਼ ਸਨਮਾਨ ਸਤਿਕਾਰ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ ਐਮਰਜੈਂਸੀ ਦੇ ਦੋ ਸਾਲ ਦੌਰਾਨ ਇੱਕ ਸਿੱਖ ਦੀ ਦਿੱਖ ਵਿੱਚ ਰਹਿੰਦਿਆਂ ਸਿੱਖ ਧਰਮ ਅਤੇ ਭਾਈਚਾਰੇ ਨਾਲ ਇੱਕ ਖ਼ਾਸ ਰਿਸ਼ਤਾ ਕਾਇਮ ਕਰ ਲਿਆ ਸੀ, ਇਹ ਪਿਆਰ ਉਸੇ ਨਿੱਘ ਦਾ ਹੀ ਸਬੂਤ ਹੈ। ਪ੍ਰੋ. ਸਰਚਾਂਦ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖ ਕੌਮ ਲਈ ਕੀਤੇ ਗਏ ਇਤਿਹਾਸਕ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਕਮੇਟੀ ਨੇ 2019 ’ਚ ਨਰਿੰਦਰ ਮੋਦੀ ਨੂੰ ’ਮਸੀਹਾ’ ਕਿਹਾ ਅਤੇ ਕੌਮੀ ਸੇਵਾ ਅਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਦੂਰਦਰਸ਼ਨ ਤੋਂ ਗੁਰਬਾਣੀ ਪ੍ਰਸਾਰਨ ਲਈ ਚੈਨਲ ਸ਼ੁਰੂ ਕਰਨ ਦੀ ਲੋੜ ਹੈ। ਇਸ ਲਈ ਭਾਰਤ ਸਰਕਾਰ ਬਿਨਾਂ ਕਿਸੇ ਖ਼ਰਚੇ ਦੇ ਗੁਰਬਾਣੀ ਦੇ ਪ੍ਰਸਾਰਨ ਲਈ ਇੱਕ ਨਵਾਂ ਚੈਨਲ ’ਡੀ. ਡੀ. ਗੁਰਬਾਣੀ’ ਸ਼ੁਰੂ ਕਰਨ । ਇਸ ਵਿਸ਼ੇਸ਼ ਚੈਨਲ ਦਾ ਮਕਸਦ ਕੇਵਲ ਗੁਰਬਾਣੀ ਦਾ ਪ੍ਰਸਾਰਨ ਕਰਨਾ ਹੋਵੇ, ਕੋਈ ਹੋਰ ਪ੍ਰੋਗਰਾਮ ਲਈ ਨਾ ਹੋਵੇ। ਬੇਸ਼ੱਕ ਸਿੱਖ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਇਸ ਚੈਨਲ ਰਾਹੀਂ ਹੋਰ ਇਤਿਹਾਸਕ ਗੁਰਦੁਆਰਿਆਂ ਤੋਂ ਕੀਰਤਨ ਅਤੇ ਪੰਥ ਪ੍ਰਵਾਨਿਤ ਕੀਰਤਨੀ ਰਾਗੀ ਜਥਿਆਂ ਦੇ ਕੀਰਤਨ ਦਾ ਪ੍ਰਸਾਰਨ ਕੀਤਾ ਜਾ ਸਕਦਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਪ੍ਰਧਾਨ ਮੰਤਰੀ ਅਤੇ ਦੂਰ ਸੰਚਾਰ ਮੰਤਰਾਲਾ ਇਸ ਸੰਬੰਧ ’ਚ ਤੁਰੰਤ ਸਾਰਥਿਕ ਪਹਿਲ ਕਦਮੀ ਕਰਦਿਆਂ ਠੋਸ ਕਦਮ ਚੁੱਕਣਗੇ।