ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਦਿੱਲੀ ਬੀਜੇਪੀ ਦੇ ਲੀਡਰ ਤਜਿੰਦਰ ਬੱਗਾ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹੋਵੇਗੀ। ਇਸ ਦੌਰਾਨ ਦਿੱਲੀ ਤੇ ਹਰਿਆਣਾ ਵਿੱਚ ਪੰਜਾਬ ਪੁਲਿਸ ਦੀ ਹਿਰਾਸਤ ਨੂੰ ਲੈ ਕੇ ਬਹਿਸ ਹੋਵੇਗੀ। ਬੱਗਾ ਦੀ ਗ੍ਰਿਫਤਾਰੀ ਬਾਰੇ ਵੀ ਫੈਸਲਾ ਹੋਵੇਗਾ। ਸੁਣਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ ਜਿਸ ਵਿੱਚ ਦਿੱਲੀ ਪੁਲਿਸ, ਹਰਿਆਣਾ ਤੇ ਪੰਜਾਬ ਸਰਕਾਰ ਦੇ ਵਕੀਲਾਂ ਵਿੱਚ ਬਹਿਸ ਹੋਵੇਗੀ। ਬੱਗਾ ਵੱਲੋਂ ਅਰਵਿੰਦ ਕੇਜਰੀਵਾਲ ਖਿਲਾਫ ਕੀਤੀ ਗਈ ਟਿੱਪਣੀ ਤੋਂ ਬਾਅਦ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਨੁਕਤਿਆਂ 'ਤੇ ਸੁਣਵਾਈ ਹੋਵੇਗੀ। ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਤੇ ਹਰਿਆਣਾ ਪੁਲਿਸ ਨੇ ਡਿਟੇਨ ਕੀਤਾ ਜਾਂ ਨਹੀਂ? ਤਜਿੰਦਰ ਬੱਗਾ ਦੀ ਗ੍ਰਿਫਤਾਰੀ 'ਤੇ ਸਟੇਅ ਜਾਰੀ ਰਹੇਗਾ ਜਾਂ ਨਹੀਂ? ਪੰਜਾਬ ਸਰਕਾਰ ਨੇ ਦਿੱਲੀ ਪੁਲਿਸ ਤੇ ਤਜਿੰਦਰ ਬੱਗਾ ਨੂੰ ਪਾਰਟੀ ਬਣਾਉਣ ਦੀ ਕੀਤੀ ਮੰਗ?ਤਜਿੰਦਰ ਬੱਗਾ ਨੇ ਕੇਸ ਖਾਰਜ ਕਰਨ ਲਈ ਹਾਈਕੋਰਟ ਨੂੰ ਪਟੀਸ਼ਨ ਦਿੱਤੀ ਹੈ।

ਪੰਜਾਬ ਸਰਕਾਰ ਨੇ ਦਿੱਲੀ ਦੇ ਜਨਕਪੁਰੀ ਪੁਲਿਸ ਸਟੇਸ਼ਨ ਤੇ ਨੈਸ਼ਨਲ ਹਾਈਵੇਅ ਅਤੇ ਕੁਰੂਕਸ਼ੇਤਰ ਦੇ ਥਾਨੇਸਰ ਪੁਲਿਸ ਸਟੇਸ਼ਨ ਦੇ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਖ਼ਿਲਾਫ਼ ਮੁਹਾਲੀ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਦੇ ਖਿਲਾਫ ਬੱਗਾ ਦੇ ਵਕੀਲ ਹਾਈਕੋਰਟ ਗਏ ਸਨ। ਅੱਧੀ ਰਾਤ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਬੱਗਾ ਦੀ ਗ੍ਰਿਫਤਾਰੀ 'ਤੇ ਮੰਗਲਵਾਰ 11 ਵਜੇ ਤੱਕ ਰੋਕ ਲਗਾ ਦਿੱਤੀ ਹੈ।

ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਜਦੋਂ ਉਸ ਨੂੰ ਪੰਜਾਬ ਦੀ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਹਰਿਆਣਾ ਪੁਲੀਸ ਨੇ ਪੰਜਾਬ ਪੁਲੀਸ ਨੂੰ ਕੁਰੂਕਸ਼ੇਤਰ ਵਿੱਚ ਰੋਕ ਲਿਆ। ਹਰਿਆਣਾ ਪੁਲਿਸ ਨੇ ਤਰਕ ਦਿੱਤਾ ਕਿ ਇਹ ਕਾਰਵਾਈ ਦਿੱਲੀ ਪੁਲਿਸ ਦੇ ਸੰਦੇਸ਼ 'ਤੇ ਕੀਤੀ ਗਈ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਕੁਰੂਕਸ਼ੇਤਰ ਪਹੁੰਚੀ ਤੇ ਬੱਗਾ ਨੂੰ ਆਪਣੇ ਨਾਲ ਦਿੱਲੀ ਲੈ ਗਈ।

ਜਦੋਂ ਪੰਜਾਬ ਪੁਲਿਸ ਨੇ ਬੱਗਾ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ, ਤਾਂ ਸੂਚਨਾ ਦੇਣ ਲਈ ਦਿੱਲੀ ਦੇ ਜਨਕਪੁਰੀ ਥਾਣੇ ਵਿੱਚ ਇੱਕ ਟੀਮ ਭੇਜੀ ਗਈ ਸੀ। ਹਾਲਾਂਕਿ ਉਨ੍ਹਾਂ ਨੂੰ ਉਥੇ ਹੀ ਬਿਠਾ ਲਿਆ ਗਿਆ। ਇਸ ਤੋਂ ਬਾਅਦ ਬੱਗਾ ਨੂੰ ਲੈ ਕੇ ਆਉਣ ਵਾਲੀ ਦੂਜੀ ਟੀਮ ਨੂੰ ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ ਦੇ ਥਾਨੇਸਰ ਤੋਂ ਹਿਰਾਸਤ ਵਿਚ ਲੈ ਲਿਆ। ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਹਾਈ ਕੋਰਟ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਦਿੱਲੀ ਤੇ ਹਰਿਆਣਾ ਵਿੱਚ ਡਿਟੇਨ ਕੀਤਾ ਗਿਆ। ਹਾਲਾਂਕਿ ਦਿੱਲੀ ਪੁਲਿਸ ਅਤੇ ਹਰਿਆਣਾ ਸਰਕਾਰ ਨੇ ਇਸ ਤੋਂ ਇਨਕਾਰ ਕੀਤਾ ਹੈ।