Amritpal Singh Police Custody: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਭਗੌੜਾ ਆਖਰ ਕਿੰਨੇ ਦਿਨ ਭੱਜੇਗਾ, ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦਹਿਸ਼ਤ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


ਬੀਜੇਪੀ ਲੀਡਰ ਅਨੁਰਾਗ ਠਾਕੁਰ ਨੇ ਕਿਹਾ ਕਿ ਲੰਮਾ ਸਮਾਂ ਲੱਗ ਗਿਆ, ਪੰਜਾਬ ਸਰਕਾਰ ਥੋੜ੍ਹਾ ਜਲਦੀ ਕਰਦੀ ਤਾਂ ਚੰਗਾ ਹੁੰਦਾ। ਹਮੀਰਪੁਰ ਦੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅੱਜ ਹਿਮਾਚਲ ਪ੍ਰਦੇਸ਼ ਵਿੱਚ ਪ੍ਰਾਗਪੁਰ ਦੇ ਪੀਡਬਲਯੂਡੀ ਰੈਸਟ ਹਾਊਸ ਵਿੱਚ ਆਰਾਮ ਕਰਨ ਲਈ ਰੁਕੇ ਸੀ।



ਅੰਮ੍ਰਿਤਪਾਲ ਦਾ ਸਾਰਾ ਨੈੱਟਵਰਕ ਤਬਾਹ ਕਰ ਦਿੱਤਾ: ਗੋਪਾਲ ਰਾਏ 
ਉਧਰ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ 'ਤੇ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਵੱਡੀ ਗੱਲ ਕਹੀ ਹੈ। ਗੋਪਾਲ ਰਾਏ ਨੇ ਕਿਹਾ ਕਿ ਇਸ ਗ੍ਰਿਫਤਾਰੀ ਨਾਲ ਇੱਕ ਵੱਡਾ ਸੰਦੇਸ਼ ਗਿਆ ਹੈ ਕਿ ਪੰਜਾਬ ਵਿੱਚ ਕਿਸੇ ਨੂੰ ਵੀ ਅਮਨ-ਸ਼ਾਂਤੀ ਭੰਗ ਕਰਨ ਦੀ ਛੋਟ ਨਹੀਂ ਦਿੱਤੀ ਜਾਵੇਗੀ। ਅੰਮ੍ਰਿਤਪਾਲ ਦਾ ਸਾਰਾ ਨੈੱਟਵਰਕ ਤਬਾਹ ਕਰ ਦਿੱਤਾ ਗਿਆ ਹੈ। 



ਮੰਤਰੀ ਗੋਪਾਲ ਰਾਏ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੰਜਾਬ ਪੁਲਿਸ ਨੂੰ ਕੇਂਦਰ ਸਰਕਾਰ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਨੂੰ ਕਾਫੀ ਮਜ਼ਬੂਤੀ ਮਿਲੀ। ਖਾਲਿਸਤਾਨ ਲਹਿਰ ਵਾਪਸ ਆਉਣ ਦੇ ਸਵਾਲ 'ਤੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੂਬੇ 'ਚ ਅਮਨ-ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਨੇ ਹਿੰਸਾ ਦਾ ਦੌਰ ਦੇਖਿਆ ਹੈ।