ਚੰਡੀਗੜ੍ਹ: ਦੇਸ਼ ਭਰ ਵਿੱਚ ਹਵਾ ਬਣਨ ਮਗਰੋਂ ਬੀਜੇਪੀ ਨੂੰ ਹੁਣ 'ਬਾਦਲਾਂ-ਚੌਟਾਲਿਆਂ' ਦੀ ਲੋੜ ਨਹੀਂ ਰਹੀ। ਬੀਜੇਪੀ ਨੇ ਹੁਣ ਆਪਣੇ ਕਰੀਬੀਆਂ ਨੂੰ ਹੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ ਤੋਂ ਬਾਅਦ ਹਰਿਆਣਾ ਤੇ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਲਾਂਭੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ (ਜਜਪਾ) ਨਾਲ ਮਿਲ ਕੇ ਸਰਕਾਰ ਬਣਾਉਣ ਦੇ ਬਾਵਜੂਦ ਦਿੱਲੀ ਵਿੱਚ ਬੀਜੇਪੀ ਨੇ ਉਸ ਤੋਂ ਪਾਸਾ ਵੱਟ ਲਿਆ ਹੈ।


ਦਰਅਸਲ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਜਨਨਾਇਕ ਜਨਤਾ ਪਾਰਟੀ ਨਾਲ ਮਿਲ ਕੇ ਚੋਣ ਲੜੇਗੀ। ਇਸ ਦਾ ਕਾਰਨ ਇਹ ਸੀ ਕਿ ਬੀਜੇਪੀ ਪੰਜਾਬ ਵਿੱਚ ਅਕਾਲੀ ਦਲ ਤੇ ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਦੀ ਭਾਈਵਾਲ ਹੈ। ਦਿੱਲੀ ਵਿੱਚ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਕਾਫੀ ਵੋਟ ਬੈਂਕ ਹੈ।

ਇਸ ਦੇ ਬਾਵਜੂਦ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ (ਜਜਪਾ) ਤੋਂ ਵੀ ਪਾਸਾ ਵੱਟ ਲਿਆ ਹੈ। ਹੈਰਾਨੀ ਦੀ ਗੱਲ਼ ਹੈ ਕਿ ਬੀਜੇਪੀ ਨਾਲ ਗੱਲਬਾਤ ਟੁੱਟਣ ਮਗਰੋਂ ਦੋਵੇਂ ਦਲ ਮੈਦਾਨ ਛੱਡ ਕੇ ਹੀ ਦੌੜ ਗਏ ਹਨ। ਇਸ ਕਰਕੇ ਤਰ੍ਹਾਂ-ਤਰ੍ਹਾਂ ਦੇ ਸਿਆਸੀ ਕਿਆਸ ਲਾਏ ਜਾ ਰਹੇ ਹਨ।

ਉਂਝ ਬੀਜੇਪੀ ਨੇ ਜੇਡੀ(ਯੂ) ਤੇ ਐਲਜੇਪੀ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਕੀਤਾ ਹੈ। ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 67 ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ ਜਦਕਿ ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਤੇ ਜਨਤਾ ਦਲ (ਯੂਨਾਈਟਿਡ) ਵੱਲੋਂ ਕ੍ਰਮਵਾਰ ਇੱਕ ਤੇ ਦੋ ਸੀਟਾਂ ਤੋਂ ਚੋਣ ਲੜੀ ਜਾ ਰਹੀ ਹੈ।