ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੁਰੰਤ ਸੂਬੇ ਨੂੰ ਦੇਣ ਦਾ ਮਤਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਮਤੇ ਨੂੰ ਕਾਂਗਰਸ, ਅਕਾਲੀ ਦਲ ਤੇ ਬਸਪਾ ਨੇ ਸਮਰਥਨ ਦਿੱਤਾ। ਦੂਜੇ ਪਾਸੇ ਭਾਜਪਾ ਨੇ ਇਸ ਦਾ ਵਿਰੋਧ ਕਰਦਿਆਂ ਮਾਨ ਸਰਕਾਰ ਦੀ ਨੀਅਤ 'ਤੇ ਸਵਾਲ ਖੜ੍ਹੇ ਕੀਤੇ।

ਬੀਜੇਪੀ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਨੂੰ ਸੀਐਮ ਮਾਨ ਦੇ ਪ੍ਰਸਤਾਵ ਦੀ ਨੀਅਤ 'ਤੇ ਸ਼ੱਕ ਹੈ। ਮੈਂ ਇਸ ਦਾ ਵਿਰੋਧ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਹ ਰਵਾਇਤ ਚੱਲ ਰਹੀ ਹੈ ਕਿ ਆਪਣੀ ਨਾਕਾਮੀ ਛੁਪਾਉਣ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਇਹ ਪ੍ਰਸਤਾਵ ਵੀ ਉਸੇ ਕੜੀ ਦਾ ਹਿੱਸਾ ਹੈ।

ਸ਼ਰਮਾ ਨੇ ਸਵਾਲ ਕੀਤਾ ਕਿ ਚੰਡੀਗੜ੍ਹ ਵਿੱਚ ਪਹਿਲਾਂ ਕੇਂਦਰੀ ਨਿਯਮ ਲਾਗੂ ਹੁੰਦੇ ਸਨ। ਉਸ ਸਮੇਂ ਜਦੋਂ ਪੰਜਾਬ ਦਾ ਸਕੇਲ ਵਧਿਆ ਤਾਂ ਉਨ੍ਹਾਂ ਦੀ ਮੰਗ 'ਤੇ ਇਹ ਨਿਯਮ ਲਾਗੂ ਕੀਤੇ ਗਏ। ਉਨ੍ਹਾਂ ਕਿਹਾ ਕਿ ਸੋਚਣਾ ਚਾਹੀਦਾ ਹੈ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਇਸ ਦੀ ਲੋੜ ਕਿਉਂ ਪਈ। ਇਸ ਦੌਰਾਨ ਸਪੀਕਰ ਨੇ ਸ਼ਰਮਾ ਨੂੰ ਟੋਕਿਆ ਕਿ ਉਨ੍ਹਾਂ ਕੋਲ ਦੋ ਮਿੰਟ ਹਨ, ਪਰ ਉਹ 4 ਮਿੰਟ ਬੋਲੇ ਹਨ।

ਉਧਰ, ਮਤਾ ਪਾਸ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਬਚਾਉਣ ਲਈ ਸੰਸਦ ਦੇ ਅੰਦਰ ਤੇ ਬਾਹਰ ਤੇ ਸੜਕਾਂ 'ਤੇ ਲੜਾਈ ਲੜਨ ਲਈ ਤਿਆਰ ਹਨ। ਇਸ ਸਬੰਧੀ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਲੈਣਗੇ। ਟਾਈਮ ਮਿਲਣ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਮਿਲਾਂਗੇ। ਦੱਸ ਦਈਏ ਕਿ ਚੰਡੀਗੜ੍ਹ 'ਚ ਮੁਲਾਜ਼ਮਾਂ 'ਤੇ ਕੇਂਦਰੀ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ।


ਇਹ ਵੀ ਪੜ੍ਹੋ

ਇਸ ਕੁੜੀ ਦੇ ਖਾਣੇ ਦੀ ਸਪੀਡ ਦੇਖ ਕੇ ਹੋ ਜਾਓਗੇ ਹੈਰਾਨ, 60 ਸੈਕਿੰਡ 'ਚ ਇੰਨਾ ਚਿਕਨ ਖਾ ਗਈ, ਬਣ ਗਿਆ ਵਰਲਡ ਰਿਕਾਰਡ