Punjab Election Result: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਨੇ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਡਾ: ਇਸ਼ਾਂਕ ਕੁਮਾਰ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਅਤੇ ਮੁਕਤਸਰ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹੇ। ਗ਼ੌਰ ਕਰਨ ਵਾਲੀ ਹੈ ਕਿ ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਇਨ੍ਹਾਂ ਚੋਣਾਂ ਵਿੱਚ ਕਾਫੀ ਪੱਛੜੀ ਹੈ।


ਜ਼ਿਕਰ ਕਰ ਦਈਏ ਕਿ  ਚਾਰੋਂ ਜ਼ਿਮਨੀ ਚੋਣਾਂ 'ਤੇ ਭਾਜਪਾ ਨੂੰ ਝਟਕਾ ਲੱਗਾ ਹੈ। ਉਹ ਕਿਸੇ ਵੀ ਸੀਟ 'ਤੇ ਦੂਜੇ ਨੰਬਰ 'ਤੇ ਵੀ ਨਹੀਂ ਆ ਸਕੀ। ਦੋ ਵਾਰ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਗਿੱਦੜਬਾਹਾ ਸੀਟ ਤੋਂ ਤੀਜੇ ਨੰਬਰ 'ਤੇ ਰਹੇ। ਉਨ੍ਹਾਂ ਨੂੰ ਵੀ ਬਾਦਲ ਪਰਿਵਾਰ ਦੀ ਵਿਰਾਸਤ ਦਾ ਲਾਭ ਨਹੀਂ ਮਿਲਿਆ। ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਢਿੱਲੋਂ ਵੀ ਹਾਰ ਗਏ ਹਨ। ਉਹ ਤੀਜੇ ਸਥਾਨ 'ਤੇ ਰਹੇ। ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿੱਚ ਵੀ ਭਾਜਪਾ ਬੁਰੀ ਤਰ੍ਹਾਂ ਪਛੜ ਗਈ।



ਜੇ ਬਰਨਾਲਾ ਸੀਟ ਦੀ ਗੱਲ ਕਰੀਏ ਤਾਂ ਇੱਥੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ ਰਹੇ, ਜਿਨ੍ਹਾਂ ਨੂੰ 28,254 ਵੋਟਾਂ ਮਿਲੀਆਂ। ਦੂਜੇ ਨੰਬਰ 'ਤੇ ਰਹੇ 'ਆਪ' ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 26,097 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 17,958 ਵੋਟਾਂ ਮਿਲੀਆਂ।


ਹੁਣ ਗੱਲ ਡੇਰਾ ਬਾਬਾ ਨਾਨਕ ਸੀਟ ਦੀ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਹਲਕਾ ਬੀਜੇਪੀ ਦੇ ਗੜ੍ਹ ਕਹੇ ਜਾਣ ਵਾਲੇ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਆਉਂਦਾ ਹੈ। ਗੁਰਦਾਸਪੁਰ ਤੋਂ ਬੀਜੇਪੀ ਨੇ ਕਈ ਵਾਰ ਲੋਕ ਸਭਾ ਚੋਣ ਜਿੱਤੀ ਹੈ। ਇਸ ਵਾਰ ਬੀਜੇਪੀ ਨੇ ਅਕਾਲੀ ਦਲ ਤੋਂ ਲਿਆਂਦੇ ਸੀਨੀਅਰ ਲੀਡਰ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਤਾਂ ਜੋ ਅਕਾਲੀ ਦਲ ਦੀ ਵੋਟ ਵੀ ਬਟੋਰੀ ਜਾ ਸਕੇ। ਇਸ ਦੇ ਬਾਵਜੂਦ ਬੀਜੇਪੀ ਦਾ ਪ੍ਰਦਰਸ਼ਨ ਸ਼ਰਮਨਾਕ ਰਿਹਾ।



ਗਿੱਦੜਬਾਹਾ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਮਨਪ੍ਰੀਤ ਸਿੰਘ ਬਾਦਲ ਨੂੰ 11150 ਵੋਟਾਂ ਪਈਆਂ ਹਨ ਉਹ ਇੱਥੋਂ ਤੀਜੇ ਨੰਬਰ ਉੱਤੇ ਆਏ ਹਨ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਤੇ ਨਾ ਕਿਤੇ ਅਕਾਲੀ ਦਲ ਦੀ ਵੋਟ ਵੀ ਭੁਗਤੀ ਹੈ ਪਰ ਇਸ ਦੇ ਬਾਵਜੂਦ ਵੀ ਉਹ ਕੁਝ ਖ਼ਾਸ ਨਹੀਂ ਕਰ ਸਕੇ। ਜੇ ਚੱਬੇਵਾਲ ਦੇ ਨਤੀਜਿਆਂ ਉੱਤੇ ਵੀ ਨਜ਼ਰ ਮਾਰੀ ਤਾਂ ਇੱਥੋਂ ਸੋਹਣ ਸਿੰਘ ਠੰਡਲ ਨੂੰ 8667 ਵੋਟਾਂ ਮਿਲੀਆਂ ਹਨ।


ਤੁਹਾਨੂੰ ਦੱਸ ਦੇਈਏ ਕਿ 2022 ਵਿੱਚ ਇਨ੍ਹਾਂ ਚਾਰ ਸੀਟਾਂ ਵਿੱਚੋਂ ਕਾਂਗਰਸ ਨੇ 3 ਅਤੇ 'ਆਪ' ਨੇ ਇੱਕ ਸੀਟ ਜਿੱਤੀ ਸੀ ਤੇ ਹੁਣ ਇਸ ਦਾ ਬਿਲਕੁਲ ਉਲਟ ਹੋਇਆ ਹੈ। ਹੁਣ ਆਪ ਨੇ 3 ਤੇ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ।