ਫਰੀਦਕੋਟ : ਚੋਣ ਨਤੀਜਿਆਂ ਤੋਂ ਪਹਿਲਾਂ ਬੀਕੇਯੂ ਰਾਜੇਵਾਲ ਨੂੰ ਵੱਡਾ ਝਟਕਾ ਲੱਗਿਆ ਹੈ। ਫਰੀਦਕੋਟ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਬਲਾਕ ਤੇ ਇਕਾਈਆਂ ਦੇ ਅਹੁਦੇਦਾਰਾਂ ਵੱਲੋਂ ਸਮੂਹਿਕ ਤੌਰ 'ਤੇ ਅਸਤੀਫਾ ਦੇ ਦਿੱਤਾ ਗਿਆ ਹੈ। ਬੀਕੇਯੂ ਰਾਜੇਵਾਲ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਵੱਲੋਂ ਚੋਣ ਲੜਨ ਕਰਕੇ ਕਿਸਾਨਾਂ ਅੰਦਰ ਰੋਹ ਸੀ।

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲੇ ਸੰਘਰਸ਼ ਵਿੱਚ ਕਿਸਾਨਾਂ ਦੀ ਵੱਡੀ ਜਿੱਤ ਮਗਰੋਂ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵੱਲੋਂ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ ਸੀ। ਉਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਨਾਮ ਦੀ ਸਿਆਸੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਸੀ ਪਰ ਇਸ ਫੈਸਲੇ ਕਾਰਨ ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਤੋਂ ਕਿਨਾਰਾ ਕਰ ਲਿਆ ਸੀ।

ਹੁਣ ਇਸ ਸਿਆਸੀ ਪਾਰਟੀ ਨੂੰ ਆਪਣੇ ਹੀ ਅਹੁਦੇਦਾਰਾਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਇਸ ਦਾ ਅਸਰ ਹੈ ਕੇ ਸੰਯੁਕਤ ਸਮਾਜ ਮੋਰਚਾ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੀ ਹੀ ਜਥੇਬੰਦੀ ਬੀਕੇਯੂ ਰਾਜੇਵਾਲ ਦੇ ਦੋ ਜ਼ਿਲ੍ਹਿਆਂ ਫਰੀਦਕੋਟ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਬਲਾਕ ਤੇ ਇਕਾਈਆਂ ਦੇ ਸਾਰੇ ਹੀ ਅਹੁਦੇਦਾਰਾਂ ਵੱਲੋਂ ਸਮੂਹਿਕ ਤੌਰ ਤੇ ਬੀਕੇਯੂ ਰਾਜੇਵਾਲ ਨੂੰ ਛੱਡਣ ਦਾ ਫੈਸਲਾ ਕਰ ਜਥੇਬੰਦੀ ਤੋਂ ਅਸਤੀਫਾ ਦੇ ਦਿੱਤਾ ਗਿਆ।

ਇਸ ਮੌਕੇ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲਵਾਲਾ ਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮੀਤ ਪ੍ਰਧਾਨ ਲੱਖਾ ਸ਼ਰਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ ਹੈ, ਉਸ ਨਾਲ ਕਿਤੇ ਨਾ ਕਿਤੇ ਕਿਸਾਨਾਂ ਦੇ ਅਕਸ ਨੂੰ ਢਾਅ ਲੱਗੀ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਤਿੰਨ ਖੇਤੀ ਕਨੂੰਨਾਂ ਖਿਲਾਫ ਵਿੱਢੇ ਸੰਘਰਸ਼ ਵਿੱਚ ਪੂਰਾ ਸਾਥ ਦਿੱਤਾ ਸੀ ਪਰ ਸਿਆਸਤ ਵਿੱਚ ਆਉਣ ਨਾਲ ਕਿਸਾਨ ਜਥੇਬੰਦੀਆਂ ਦੀ ਨੀਅਤ ਤੇ ਸ਼ੱਕ ਹੋਣ ਲੱਗਾ ਸੀ ਕਿ ਸਿਆਸਤ ਵਿੱਚ ਲਾਹਾ ਲੈਣ ਲਈ ਸੰਘਰਸ਼ ਸ਼ੁਰੂ ਕੀਤਾ ਸੀ।

ਇਸ ਨੂੰ ਲੈ ਕੇ ਸਾਡੇ ਚਾਰ ਜ਼ਿਲ੍ਹਿਆ ਦੇ ਅਹੁਦੇਦਾਰਾਂ ਨੇ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਕਿ ਚੋਣਾਂ ਦੌਰਾਨ ਉਹ ਚੋਣ ਪ੍ਰਚਾਰ ਨਹੀਂ ਕਰਨਗੇ ਪਰ ਅੱਜ ਅਸੀਂ ਮੀਟਿੰਗ ਕਰ ਫੈਸਲਾ ਲਿਆ ਹੈ ਕਿ ਦੋਵਾਂ ਜ਼ਿਲ੍ਹਿਆਂ ਦੇ ਸਮੂਹ ਅਹੁਦੇਦਾਰਾਂ ਵੱਲੋਂ ਰਾਜੇਵਾਲ ਜਥੇਬੰਦੀ ਤੋਂ ਅਸਤੀਫਾ ਦੇ ਰਹੇ ਹਾਂ। ਉਨ੍ਹਾਂ ਇਸ ਮੌਕੇ ਨਵੀਂ ਸੰਸਥਾ ਜਾਂ ਨਵੀਂ ਕਿਸਾਨ ਜਥੇਬੰਦੀ ਬਣਾਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।


ਇਹ ਵੀ ਪੜ੍ਹੋ : Holi 2022 : 18 ਮਾਰਚ 2022 ਨੂੰ ਖੇਡੀ ਜਾਵੇਗੀ ਰੰਗਾਂ ਦੀ ਹੋਲੀ, ਜਾਣੋ ਹੋਲੀ ਨਾਲ ਜੁੜੀਆਂ ਅਹਿਮ ਗੱਲਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490