Blast in Punjab: ਪੰਜਾਬ ਦੇ ਇੱਕ ਪੁਲਿਸ ਥਾਣੇ 'ਤੇ ਗ੍ਰਨੇਡ ਹਮਲਾ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ 'ਚ ਪੁਲਿਸ ਥਾਣੇ 'ਤੇ ਹੈਂਡ ਗ੍ਰੇਨੇਡ ਸੁੱਟਿਆ ਗਿਆ ਹੈ। ਹਾਲਾਂਕਿ, ਕਿਸੇ ਕਾਰਨ ਕਰਕੇ ਇਹ ਹੈਂਡ ਗ੍ਰੇਨੇਡ ਫਟਿਆ ਨਹੀਂ ਤੇ ਇਸ ਤਰ੍ਹਾਂ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਉਧਰ, ਅਮਰੀਕਾ ਸਥਿਤ ਖਾਲਿਸਤਾਨ ਪੱਖੀਆਂ ਹੈਪੀ ਪਾਸੀਆਂ ਤੇ ਗੋਪੀ ਨਵਾਂਸ਼ਹਿਰੀਆ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਪਾਈ ਗਈ ਹੈ। ਇਸ ਦੇ ਨਾਲ ਹੀ ਧਮਕੀ ਵੀ ਦਿੱਤੀ ਗਈ ਹੈ ਕਿ ਅਜੇ ਤਾਂ ਥਾਣੇ 'ਤੇ ਗ੍ਰੇਨੇਡ ਸੁੱਟਿਆ ਹੈ, ਹੁਣ ਨਾਕੇ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।
ਇਸ ਹਮਲੇ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬਟਾਲਾ ਪੁਲਿਸ ਅਧਿਕਾਰੀ ਇਸ ਹਮਲੇ ਸਬੰਧੀ ਕੁਝ ਵੀ ਕਹਿਣ ਤੋਂ ਗੁਰੇਜ ਕਰ ਰਹੇ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਗ੍ਰਨੇਡ ਵੀਰਵਾਰ ਰਾਤ ਕਰੀਬ 10.30 ਵਜੇ ਸੁੱਟਿਆ ਗਿਆ। ਦੋ ਨੌਜਵਾਨ ਬਾਈਕ 'ਤੇ ਆਏ ਜਿਨ੍ਹਾਂ ਨੇ ਥਾਣੇ ਵੱਲ ਕੋਈ ਚੀਜ਼ ਸੁੱਟ ਦਿੱਤੀ। ਇਹ ਗ੍ਰਨੇਡ ਹੋਣ ਦਾ ਸ਼ੱਕ ਹੈ।
ਇਸ ਦਾ ਪਤਾ ਲੱਗਣ ਤੋਂ ਬਾਅਦ ਗੁਰਦਾਸਪੁਰ ਦੇ ਐਸਐਸਪੀ ਸੋਹੇਲ ਕਾਸਿਮ ਮੀਰ ਸਮੇਤ ਏਜੰਸੀਆਂ ਦੇ ਹੋਰ ਹੋਰ ਅਧਿਕਾਰੀ ਜਾਂਚ ਲਈ ਪਹੁੰਚ ਗਏ ਹਨ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੁਲਿਸ ਥਾਣੇ 'ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਏਡੀਜੀਪੀ ਨੌਨਿਹਾਲ ਸਿੰਘ ਵੀ ਦੇਰ ਰਾਤ ਗੁਰਦਾਸਪੁਰ ਪੁੱਜੇ।
ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ 'ਤੇ ਇੱਕ ਅਕਾਊਂਟ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। ਇਸ ਵਿੱਚ ਲਿਖਿਆ ਹੈ ਕਿ ਅੱਜ ਥਾਣਾ ਅਲੀਵਾਲ ਵਿੱਚ ਪੁਲਿਸ ਮੁਲਾਜ਼ਮਾਂ ’ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਹੈਪੀ ਪਾਸੀਆ ਤੇ ਗੋਪੀ ਨਵਾਂਸ਼ਹਿਰੀਆ ਨੇ ਲਈ ਹੈ। ਹਾਲ ਹੀ 'ਚ ਜਦੋਂ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਸੁੱਟੇ ਗਏ ਤਾਂ ਪੁਲਿਸ ਨੇ ਕਿਹਾ ਕਿ ਟਾਇਰ ਫਟ ਗਿਆ ਸੀ। ਅੱਜ ਇੱਕ ਹੋਰ ਟਾਇਰ ਫਟ ਗਿਆ। ਹੁਣ ਪੁਲਿਸ ਜਵਾਬ ਦੇਵੇਗੀ ਕਿ ਕਿਹੜੇ ਮੋਟਰਸਾਈਕਲ ਦੇ ਟਾਇਰਾਂ ਵਿੱਚੋਂ ਅੱਗ ਨਿਕਲਦੀ ਹੈ।
ਪੁਲਿਸ ਵਾਲਿਆਂ ਲਈ ਇਹ ਅਗਲੀ ਚੇਤਾਵਨੀ ਹੈ। ਹੁਣ ਸਿਰਫ਼ ਥਾਣਿਆਂ 'ਤੇ ਹੀ ਹਮਲੇ ਨਹੀਂ ਹੋਣਗੇ। ਹੁਣ ਸ਼ਾਮ 6 ਵਜੇ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਗ੍ਰਨੇਡ ਤੇ ਆਈਈਡੀ ਧਮਾਕੇ ਵੀ ਹੋ ਸਕਦੇ ਹਨ। ਇਹ ਪੁਲਿਸ ਵਾਲਿਆਂ ਲਈ ਚੇਤਾਵਨੀ ਹੈ। ਅੰਤ ਵਿੱਚ ਲਿਖਿਆ-ਜੰਗ ਜਾਰੀ ਹੈ, ਅਗਲੀ ਕਾਰਵਾਈ ਦੀ ਉਡੀਕ ਕਰੋ।