ਚੰਡੀਗੜ੍ਹ : ਜਲੰਧਰ ਦੇ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜਿਵੇਂ ਕਿ ਕੱਲ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ , BMW ਕੰਪਨੀ ਨੇ ਸਾਫ ਕੀਤਾ ਹੈ ਕਿ ਉਹ ਪੰਜਾਬ ਵਿੱਚ ਕੋਈ ਪਲਾਂਟ ਨਹੀਂ ਲਗਾ ਰਹੇ। ਭਗਵੰਤ ਮਾਨ ਜੀ, ਇਹੋਜੀਆਂ ਗੱਲਾਂ 'ਤੇ ਝੂਠ ਬੋਲਦੇ ਤੁਸੀਂ ਸੋਹਣੇ ਲਗਦੇ ਹੋ ? ਕਿਉ ਨਿੱਕੀ ਨਿੱਕੀ ਗੱਲ 'ਤੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਗੁਮਰਾਹ ਕਰ ਰਹੇ ਹੋ ?


ਦਰਅਸਲ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਆਟੋ ਦਿੱਗਜ BMW ਰਾਜ ਵਿੱਚ ਆਪਣੀ ਆਟੋ ਪਾਰਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ ਹੈ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਸੀ ਕਿ ਇਸ ਸਬੰਧੀ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਊਨਿਖ ਵਿੱਚ BMW ਹੈੱਡਕੁਆਰਟਰ ਦੀ ਫੇਰੀ ਦੌਰਾਨ ਲਿਆ ਗਿਆ। ਕੰਪਨੀ ਦੇ ਫੈਸਲੇ ਤੋਂ ਖੁਸ਼ ਹੋਏ, ਮਾਨ ਨੇ ਕਿਹਾ ਕਿ ਇਹ ਭਾਰਤ ਵਿੱਚ ਕੰਪਨੀ ਦੀ ਦੂਜੀ ਯੂਨਿਟ ਹੋਵੇਗੀ ਕਿਉਂਕਿ ਇੱਕ ਅਧਿਕਾਰਤ ਰੀਲੀਜ਼ ਅਨੁਸਾਰ ਪਹਿਲਾਂ ਹੀ ਅਜਿਹੀ ਇੱਕ ਯੂਨਿਟ ਚੇਨਈ ਵਿੱਚ ਕੰਮ ਕਰ ਰਹੀ ਹੈ।

 

 ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਉਨ੍ਹਾਂ ਨੇ BMW ਨੂੰ ਈ-ਮੋਬਿਲਿਟੀ ਸੈਕਟਰ ਵਿੱਚ ਰਾਜ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ, "ਪੰਜਾਬ ਦੀ ਈਵੀ ਨੀਤੀ ਤੋਂ ਸੂਬੇ ਵਿੱਚ ਈ-ਮੋਬਿਲਿਟੀ ਸੈਕਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ।

 

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਦੇਸ਼ ਦੌਰੇ ਤੇ ਹਨ। ਉਹ ਜਰਮਨੀ 'ਚ ਨਿਵੇਸ਼ਕਾਂ ਨਾਲ ਮੁਲਾਕਾਤ ਕਰ ਰਹੇ ਹਨ ਕਿ ਉਹ ਪੰਜਾਬ ਵਿੱਚ ਨਿਵੇਸ਼ ਕਰਨ। ਮੰਗਲਵਾਰ ਨੂੰ ਸੂਬੇ ਵਿੱਚ ਨਿਵੇਸ਼ ਯੋਜਨਾਵਾਂ ਨੂੰ ਪ੍ਰਮਾਣਿਤ ਕਰਨ ਲਈ ਜਲਵਾਯੂ ਪਰਿਵਰਤਨ, ਸਿੰਚਾਈ, ਉਪਜ ਪੂਰਵ ਅਨੁਮਾਨ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਜਲਵਾਯੂ ਪਰਿਵਰਤਨ ਦੇ ਮੁਲਾਂਕਣ ਅਤੇ ਖੇਤੀ ਉਤਪਾਦਨ 'ਤੇ ਪ੍ਰਭਾਵ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਪ੍ਰਮੁੱਖ ਜਰਮਨ ਕੰਪਨੀ ਬੇਵਾ (BayWa) ਦਾ ਸਮਰਥਨ ਮੰਗਿਆ ਸੀ।