ਲੱਖਾਂ 'ਚ ਕਪੂਰਥਲਾ ਵੇਚਿਆ ਚਾਰ ਸਾਲ ਦਾ ਬੱਚਾ, ਪੁਲਿਸ ਨੇ 72 ਘੰਟਿਆਂ 'ਚ ਸੁਲਝਾਇਆ ਕੇਸ
ਏਬੀਪੀ ਸਾਂਝਾ | 27 Dec 2018 08:16 PM (IST)
ਮੋਗਾ: ਸ਼ਹਿਰ ਵਿੱਚੋਂ ਚੋਰੀ ਕੀਤੇ ਚਾਰ ਸਾਲਾ ਬੱਚੇ ਨੂੰ ਪੁਲਿਸ ਨੇ 72 ਘੰਟਿਆਂ ਵਿੱਚ ਹੀ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਕਾਰ ਨੂੰ ਵੀ ਕਾਬੂ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਦੀ ਦਾਣਾ ਮੰਡੀ ਨੇੜੇ ਝੁੱਗੀਆਂ ਵਿੱਚ ਰਹਿੰਦੇ ਰਹੀਮ ਮਹੁੰਮਦ ਦੇ ਪੁੱਤ ਹੁਸੈਨ ਮਹੁੰਮਦ ਨੂੰ ਬੀਤੀ 24 ਦਸੰਬਰ 2018 ਨੂੰ ਚਾਰ ਜਣੇ ਕਾਰ ਵਿੱਚ ਬਿਠਾ ਕੇ ਲੈ ਗਏ ਸਨ। ਇਸ ਮਾਮਲੇ ਵਿੱਚ ਬੱਚੇ ਨੂੰ ਅਗ਼ਵਾ ਕਰਨ ਵਾਲੇ ਚਾਰਲਸ ਰੌਜ ਉਰਫ਼ ਨਿਤਨ, ਸੰਨੀ, ਪ੍ਰੀਤੀ ਅਤੇ ਕੁਲਵਿੰਦਰ ਕੌਰ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਲਖਵਿੰਦਰ ਸਿੰਘ ਉਰਫ਼ ਲੱਖਾ ਹਾਲੇ ਗ੍ਰਿਫ਼ਤ 'ਚੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਬੀਤੀ 24 ਨੂੰ ਸ਼ਾਮ ਚਾਰ ਕੁ ਵਜੇ ਝੁੱਗੀਆਂ ਵਿੱਚ ਹੀ ਖੇਡ ਰਹੇ ਰਹੀਮ ਦੇ ਪੁੱਤਰ ਨੂੰ ਚਿੱਟੇ ਰੰਗ ਦੀ ਹੌਂਡਾ ਅਮੇਜ਼ ਕਾਰ (ਡੀਐਲ 1 ਜ਼ੈੱਡਬੀ-3259) ਵਿੱਚ ਬਿਠਾ ਕੇ ਲੈ ਗਏ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਮੋਗਾ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਪੜਤਾਲ ਦੌਰਾਨ ਪਤਾ ਲੱਗਾ ਕਿ ਅਗ਼ਵਾ ਕਰਨ ਤੋਂ ਅਗਲੇ ਹੀ ਦਿਨ ਕਾਰ ਚਾਲਕ ਚਾਰਲਸ ਰੌਜ ਉਰਫ਼ ਨਿਤਨ ਨੇ ਆਪਣੇ ਦੋਸਤ ਸੰਨੀ ਤੇ ਉਸ ਦੀ ਦੋਸਤ ਪ੍ਰੀਤੀ ਅਤੇ ਆਪਣੇ ਦੋਸਤ ਲਖਵਿੰਦਰ ਸਿੰਘ ਉਰਫ਼ ਲੱਖਾ ਨਾਲ ਮਿਲ ਕੇ ਲੱਖਾ ਦੀ ਮਾਸੀ ਦੀ ਕੁੜੀ ਕੁਲਵਿੰਦਰ ਕੌਰ ਵਾਸੀ ਨਗਰ ਕਪੂਰਥਲਾ ਨੂੰ ਇੱਕ ਲੱਖ 50 ਹਜ਼ਾਰ ਰੁਪਏ ਵਿੱਚ ਬੱਚੇ ਨੂੰ ਵੇਚ ਦਿੱਤਾ। ਪੁਲਿਸ ਨੇ 72 ਘੰਟਿਆਂ ਵਿੱਚ ਮਾਮਲਾ ਸੁਲਝਾਅ ਲਿਆ ਅਤੇ ਬੱਚਾ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਮਾਪਿਆਂ ਨੇ ਬੱਚਾ ਪ੍ਰਾਪਤ ਕਰ ਕੇ ਪੁਲਿਸ ਦਾ ਧੰਨਵਾਦ ਕੀਤਾ।